India Punjab

ਤਸਵੀਰਾਂ ਮੂੰਹੋਂ ਬੋਲਦੀਆਂ ਨੇ ਕਿ  ਮੁੱਖ ਮੰਤਰੀ ਕੌਣ ਅਤੇ ਸੰਤਰੀ ਕੌਣ ? : ਅਕਾਲੀ ਦਲ

ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੀ ਚੋਣ ਪ੍ਰਚਾਰ ਰੈਲੀ ਤੋਂ ਵਿਰੋਧੀ ਪਾਰਟੀਆਂ ਨਰਾਜ਼ ਹੋ ਗਈਆਂ ਹਨ। ਇਹ ਗੁੱਸਾ ਸੰਗਰੂਰ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੋਣ ਪ੍ਰਚਾਰ ਨੂੰ ਲੈ ਕੇ ਹੈ। ਇਸ ਵਿੱਚ ਕੇਜਰੀਵਾਲ ਕਾਰ ਦੇ ਸਨਰੂਫ ਵਿੱਚ ਖੜੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਇਸ ਕਾਰ ਦੀ ਖਿੜਕੀ ‘ਤੇ ਲਟਕ ਰਹੇ ਹਨ। ਉਨ੍ਹਾਂ ਨੂੰ ਡਿੱਗਣ ਤੋਂ ਬਚਾਉਣ ਲਈ ਸੁਰੱਖਿਆ ਗਾਰਡ ਨੇ ਵੀ ਉਨ੍ਹਾਂ ਨੂੰ ਪਿੱਛੇ ਤੋਂ ਸਹਾਰਾ ਦਿੱਤਾ। ਮੁਹਿੰਮ ਦੀ ਇਹ ਫੋਟੋ ਅਤੇ ਵੀਡੀਓ ਸਾਹਮਣੇ ਆਉਂਦੇ ਹੀ ਵਿਰੋਧੀਆਂ ਨੇ ਤਾਅਨੇ-ਮਿਹਣੇ ਸ਼ੁਰੂ ਕਰ ਦਿੱਤੇ।

ਕਾਂਗਰਸੀ ਪਾਰਟੀ ਨੇ ਮੁੱਖ ਮੰਤਰੀ ਮਾਨ ‘ਤੇ ਤੰਜ ਕਸਦਿਆਂ ਕਿਹਾ ਕਿ ਮਾਨ ਤਾਂ ਕੇਜਰੀਵਾਲ ਦਾ ਬਾਡੀਗਾਰਡ ਲੱਗਦਾ ਹੈ। ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਂਉਟ  ‘ਤੇ ਲਿਖਿਆ ਹੈ ਕਿ ਕੀ ਅੱਜ ਪੰਜਾਬ ਦੇ ਅਸਲੀ ਮੁੱਖ ਮੰਤਰੀ ਦੇ ਪੰਜਾਬ ਆਉਣ ਦੇ ਨਾਲ ਭਗਵੰਤ ਮਾਨ ਜੀ ਨੇ ਕੁਰਸੀ ਬਦਲ ਲਈ ਹੈ ? । ਪੰਜਾਬ ਕਾਂਗਰਸ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਨਵਾਂ ਬਾਡੀਗਾਰਡ ਭਗਵੰਤ ਮਾਨ ਜੀ ਕੇਜਰੀਵਾਲ ਦੇ ਨਾਲ ਹਨ। ਕੀ ਅੱਜ ਤੋਂ ਪਹਿਲਾਂ ਪੰਜਾਬ ਦਾ ਕੋਈ ਮੁੱਖ ਮੰਤਰੀ ਏਨਾ ਨੀਵਾਂ ਮਹਿਸੂਸ ਕਰਦਾ ਸੀ ? ਕਾਂਗਰਸ ਨੇ ਸਵਾਲ ਉਠਾਇਆ ਕਿ ਕੀ ਪੰਜਾਬ ਦਾ ਅਸਲੀ ਮੁੱਖ ਮੰਤਰੀ ਆਉਣ ‘ਤੇ ਭਗਵੰਤ ਮਾਨ ਨੇ ਕੁਰਸੀ ਬਦਲੀ।

ਅਕਾਲੀ ਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਤਸਵੀਰ ਸਾਂਝੀ ਕੀਤੀ। ਜਿਸ ਵਿੱਚ ਉਸਨੇ ਲਿਖਿਆ ਕਿ ਇੱਕ ਫੋਟੋ ਇੱਕ ਹਜ਼ਾਰ ਸ਼ਬਦਾਂ ਤੋਂ ਵਧੀਆ ਹੈ। ਉਨ੍ਹਾਂ ਲਿਖਿਆ ਕਿ ਪੰਜਾਬੀਆਂ ਨੂੰ ਇਕ ਫੋਟੋ ਨਾਲ ਸਭ ਕੁਝ ਸਪੱਸ਼ਟ ਹੋ ਗਿਆ।

ਉੱਥੇ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਮਾਨ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਟਵਿਟਰ ‘ਤੇ ਭਗਵੰਤ ਮਾਨ ਦੀ ਇਹ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਕਿ  ਮੁੱਖ ਮੰਤਰੀ ਕੋਣ ਅਤੇ ਸੰਤਰੀ ਕੋਣ ?

ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਸੰਗਰੂਰ ਜ਼ਿਮਨੀ ਚੋਣ ਦੌਰਾਨ ਬੀਤੇ ਦਿਨ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਰੋਡ ਸ਼ੋਅ ਨੂੰ ਲੈ ਕੇ ਨਿਸ਼ਾਨੇ ਲਾਏ ਹਨ। ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਲਟਕਾ ਦਿੱਤਾ ਕੇਜਰੀਵਾਲ ਨੇ। ਰੋਡ ਸ਼ੋ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਗੱਡੀ ਦੇ ਨਾਲ ਲਟਕਦੇ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਸਿਰਸਾ ਨੇ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵਿਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਤਾਂ ਲਟਕਾਅ ਦਿੱਤਾ ਕੇਜਰੀਵਾਲ ਨੇ।