‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ-ਗੱਦੀ ਦਿਹਾੜੇ ਦੀਆਂ ਸਮੁੱਚੀ ਸਿੱਖ ਸੰਗਤ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਸੰਗਤ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਬਲਕਿ ਪੂਰੀ ਮਾਨਵਤਾ ਦੇ ਰਹਿਬਰ ਹਨ ਕਿਉਂਕਿ ਗੁਰਬਾਣੀ ਦਾ ਉਪਦੇਸ਼ ਸਰਬ-ਸਾਂਝਾ, ਸਰਬ-ਪੱਖੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਮਹਾਨ ਅਤੇ ਬਿਹਤਰੀਨ ਹੈ।
ਅੱਜ ਦੁਨੀਆ ਵਿੱਚ ਜੋ ਅਸ਼ਾਂਤਮਈ ਮਾਹੌਲ ਹੈ, ਉਸਨੂੰ ਅੱਜ ਦੀਆਂ ਪਦਾਰਥਵਾਦੀ ਸੋਚਾਂ ਨੇ ਖਰਾਬ ਕੀਤਾ ਹੋਇਆ ਹੈ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਮਨੁੱਖੀ ਜੀਵਨ ਵਿੱਚ ਅਮਲੀ ਰੂਪ ਵਿੱਚ ਲਾਗੂ ਹੋ ਜਾਵੇ ਤਾਂ ਵਿਸ਼ਵ ਵਿੱਚ ਸ਼ਾਂਤਮਈ, ਸੁੱਖ ਪੈਦਾ ਹੋ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਉਣ ਲਈ ਸਾਨੂੰ ਕਾਰਜਸ਼ੀਲ ਹੋਣ ਦੀ ਲੋੜ ਹੈ।


 
																		 
																		 
								 
																		 
																		