ਵਿਦੇਸ਼ਾਂ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਕਤਲ ਅਤੇ ਮੌਤਾਂ ਦਾ ਸਿਲਸਾਲ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਮਨੀਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਰਾਏਕੋਟ ਦੇ ਪਿੰਡ ਰਾਮਗੜ੍ਹ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਦੇ ਨੌਜਵਾਨ ਦਾ ਮਨੀਲਾ ਵਿਚ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ। ਉਹ ਰੋਜ਼ੀ-ਰੋਟੀ ਲਈ 7 ਸਾਲ ਪਹਿਲਾਂ ਮਨੀਲਾ ਗਿਆ ਸੀ। ਉਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ।
ਮ੍ਰਿਤਕ ਮਨੀਲਾ ਵਿਚ ਆਪਣੀ ਭੈਣ ਤੇ ਜੀਜੇ ਕੋਲ ਰਹਿ ਰਿਹਾ ਸੀ ਤੇ 20 ਮਾਰਚ ਨੂੰ ਉਸ ਨੇ ਘਰ ਵਾਪਸ ਆਉਣਾ ਸੀ ਪਰ 17 ਮਾਰਚ ਨੂੰ ਮਨੀਲਾ ਦੇ ਵਿਚ ਹੀ ਆਪਣੀ ਬਾਈਕ ‘ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਰਿਕਸ਼ੇ ਵੱਲੋਂ ਉਸ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਫਿਰ ਉਸ ਨੂੰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਿਸ ਮਗਰੋਂ ਉਸ ਦੀ ਮੌਤ ਹੋ ਜਾਂਦੀ ਹੈ।
ਅਵਤਾਰ ਸਿੰਘ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ। ਜਿਸ ਦਾ ਮਨੀਲਾ ਵਿਚ ਕਤਲ ਹੋਇਆ ਹੈ। ਮ੍ਰਿਤਕ ਅਵਤਾਰ ਸਿੰਘ 2016 ਵਿਚ ਆਪਣੀ ਭੈਣ ਸਰਬਜੀਤ ਕੌਰ ਤੇ ਜੀਜਾ ਨਿਰਮਲ ਸਿੰਘ ਕੋਲ ਚਲਾ ਗਿਆ ਸੀ ਉਥੇ ਉਹ ਮਨੀਲਾ ਵਿਚ ਕੰਮ ਕਰ ਰਿਹਾ ਸੀ ਪਰ 17 ਮਾਰਚ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ।