ਬਿਉਰੋ ਰਿਪੋਰਟ – ਐਨਐਸਯੂਆਈ (NSUI) ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਵੱਲੋਂ ਚੱਬੇਵਾਲ ਤੋਂ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ (Sohan Singh Thandal) ਨੂੰ ਰੋਕ ਕੇ ਸੈਨੇਟ ਚੋਣਾਂ ਨਾ ਕਰਵਾਉਣ ਨੂੰ ਲੈ ਕੇ ਸਵਾਲ ਕੀਤੇ ਹਨ। ਸਿੱਧੂ ਨੇ ਕਿਹਾ ਕਿ ਇਹ ਚੋਣਾਂ ਕੇਂਦਰ ਸਰਕਾਰ ਵੱਲੋਂ ਰੋਕੀਆਂ ਗਈਆਂ ਹਨ ਅਤੇ ਕੇਂਦਰ ਸਰਕਾਰ ਇਸ ਸੈਨੇਟ ਚੋਣਾਂ ਨੂੰ ਆਪਣੇ ਕੰਟਰੋਲ ਹੇਠਾਂ ਕਰਨਾ ਚਾਹੁੰਦੀ ਹੈ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਸੁਪਨੇ ਨੂੰ ਪੰਜਾਬ ਦੇ ਲੋਕ ਪੂਰਾ ਨਹੀਂ ਹੋਣ ਦੇਣਗੇ। ਸਿੱਧੂ ਨੇ ਠੰਡਲ ਕੋਲੋਂ ਮੰਗ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ ਜਿਸ ਨਾਲ ਲੋਕਤੰਤਰ ਦੀ ਖੂਬਸੂਰਤੀ ਬਚ ਸਕੇ।
ਸੋਹਣ ਸਿੰਘ ਠੰਡਲ ਨੇ ਕਿਹਾ ਕਿ ਇਹ ਚੋਣਾਂ ਲੋਕਤੰਤਰ ਦੀ ਇਕ ਨਰਸਰੀ ਹੈ ਅਤੇ ਇਸ ਨੂੰ ਖਤਮ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਕਿਉਂਕਿ ਕਈ ਲੋਕ ਸੈਨੇਟ ਚੋਣਾਂ ਤੋਂ ਬਾਅਦ ਵਿਧਾਇਕ ਅਤੇ ਵਜੀਰ ਵੀ ਬਣੇ ਹਨ। ਠੰਡਲ ਨੇ ਇਸ ਮੌਕੇ ਸੂਬਾ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਸਰਕਾਰ ਕੋਲ ਨਾ ਤਾਂ ਫੰਡ ਅਤੇ ਨਾ ਹੀ ਕੋਈ ਪਾਲਿਸੀ ਹੈ। ਚੋਣਾਂ ਕਰਵਾਉਣ ਲਈ ਸੂਬੇ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਹੈ ਪਰ ਇਨ੍ਹਾਂ ਵੱਲੋਂ ਕੇਂਦਰ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ। ਇਸ ਮੌਕੇ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਠੰਡਲ ਨੂੰ ਟੋਕਦਿਆਂ ਕਿਹਾ ਕਿ ਇਹ ਜ਼ਿੰਮੇਵਾਰੀ ਵਾਇਸ ਚਾਂਸਲਰ ਦੀ ਹੈ। ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹਨ ਤਾਂ ਇਸ ਮਤਲਬ ਇਹ ਨਹੀਂ ਕਿ ਹਰ ਚੀਜ਼ ਕੇਂਦਰ ਸਰਕਾਰ ਨੂੰ ਦੇ ਦਿੱਤੀ ਜਾਵੇ। ਉਹਨਾਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੱਕ ਲੈਣੇ ਆਉਂਦੇ ਹਨ ਪਰ ਫਿਰ ਵੀ ਉਹ ਉਹਨਾਂ ਰਾਹੀਂ ਕੇਂਦਰ ਸਰਕਾਰ ਨੂੰ ਆਪਣਾ ਸੰਦੇਸ਼ ਭੇਜਣਾ ਚਾਹੁੰਦੇ ਹਨ ਤਾਂ ਜੋ ਸੈਨੇਟ ਚੋਣਾਂ ਕਰਵਾ ਕੇ ਯੂਨੀਵਰਸਿਟੀ ਅੰਦਰਲਾ ਲੋਕਤੰਤਰ ਬਚਾਇਆ ਜਾ ਸਕੇ ਤੇ ਯੂਨੀਵਰਸਿਟੀ ਦੇ ਹੱਕਾਂ ਉੱਤੇ ਵੱਜ ਰਹੇ ਡਾਕੇ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ – ਸੁਖਬੀਰ ਬਾਦਲ ਦੀ ਜਥੇਦਾਰ ਨੂੰ ਅਪੀਲ! ਚਿੱਠੀ ਸੌਂਪ ਕੇ ਫੈਸਲਾ ਲੈਣ ਦੀ ਕੀਤੀ ਮੰਗ