ਫਿਰੋਜ਼ਪੁਰ : ਜ਼ੀਰਾ ਇਲਾਕੇ ਦੇ ਪਾਣੀਆਂ ਤੇ ਹਵਾ ਵਿੱਚ ਫੈਲ ਰਹੇ ਜ਼ਹਿਰ ਦਾ ਅਸਰ ਹੁਣ ਪ੍ਰਤੱਖ ਦਿਸਣਾ ਸ਼ੁਰੂ ਹੋ ਗਿਆ ਹੈ ਤੇ ਪਿੰਡਾ ਵਿੱਚ ਲੋਕ ਦਿਨੋਂ ਦਿਨ ਲਗਾਤਾਰ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
ਹਾਲੇ ਇਲਾਕੇ ਵਿੱਚ ਨੌਜਵਾਨ ਰਾਜਵੀਰ ਸਿੰਘ ਨੂੰ ਮੌਤ ਦਾ ਸ਼ਿਕਾਰ ਹੋਏ ਕੁੱਝ ਹੀ ਵਕਤ ਹੋਇਆ ਸੀ ਕਿ ਇਸੇ ਵਿਚਾਲੇ ਪਿੰਡ ਰਟੌਲ ਰੋਹੀ ਦੇ ਇੱਕ ਹੋਰ ਵਿਅਕਤੀ ਬੂਟਾ ਸਿੰਘ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਵਿਅਕਤੀ ਬਾਰੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਗੁਰਦੇ ਤੇ ਲੀਵਰ ਖਰਾਬ ਹੋ ਚੁੱਕੇ ਸਨ ਤੇ ਇਹ ਆਪਣੇ ਘਰ ਵਿੱਚ ਹੀ ਆਕਸੀਜਨ ‘ਤੇ ਸੀ।
ਇਸ ਵਿਅਕਤੀ ਬਾਰੇ ਜ਼ੀਰਾ ਧਰਨਾ ਮੋਰਚੇ ਦੇ ਫੇਸਬੁਕ ਪੇਜ ਤੇ tractor2ਟਵਿੱਟਰ ‘ਤੇ ਪਾਈ ਇੱਕ ਵੀਡੀਓ ਵਿੱਚ ਜਾਣਕਾਰੀ ਦਿੱਤੀ ਗਈ ਸੀ । ਇਸ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਪਿੰਡ ਰਟੌਲ ਰੋਹੀ ਮਾਲਬਰੋਜ਼ ਫੈਕਟਰੀ ਤੋਂ ਸਭ ਤੋਂ ਜਿਆਦਾ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਹੈ। ਮੌਤ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਬੂਟਾ ਸਿੰਘ ਨੇ ਵੀ ਕੱਲ ਹੀ ਇੱਕ ਗੱਲਬਾਤ ਦੇ ਦੌਰਾਨ ਆਪਣੀ ਵਿਗੜੀ ਹੋਈ ਸਿਹਤ ਲਈ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਜਿੰਮੇਵਾਰ ਠਹਿਰਾਇਆ ਸੀ ਤੇ ਇਸ ਦੌਰਾਨ ਉਹਨਾਂ ਦੀ ਹਾਲਤ ਇੰਨੀ ਵਿਗੜੀ ਹੋਈ ਸੀ ਕਿ ਉਹਨਾਂ ਕੋਲੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ । ਜਾਰੀ ਕੀਤੀ ਗਈ ਇਸ ਵੀਡੀਓ ਵਿੱਚ ਬੂਟਾ ਸਿੰਘ ਦੇ ਪਰਿਵਾਰ ਦੀ ਮੰਦੀ ਹਾਲਤ ਸਾਫ਼ ਦਿਖ ਰਹੀ ਸੀ।
ਮਾਲਬਰੋਸ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਬਿਮਾਰ ਬੂਟਾ ਸਿੰਘ ਜੀ ਦੀ ਅੱਜ ਮੌਤ ਹੋ ਗਈ ਹੈ।
ਹਲੇ ਕੱਲ ਹੀ ਓਹਨਾਂ ਨੇ ਆਪਣੇੀ ਹਾਲਤ ਅਤੇ ਪਰਿਵਾਰ ਦੇ ਹਾਲਾਤਾਂ ਬਾਰੇ ਦੱਸਿਆ ਸੀ।ਮਾਲਬਰੋਸ ਦੇ ਨਾਲ ਨਾਲ ਹੁਣ @BhagwantMann ਅਤੇ @SantSeechewal ਤੇ ਵੀ ਇਸ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।#ZiraSanjhaMorcha https://t.co/vfCi8mEAkv
— Tractor2ਟਵਿੱਟਰ ਪੰਜਾਬ (@Tractor2twitr_P) January 14, 2023
ਇਸੇ ਵੀਡੀਓ ਵਿੱਚ ਪਰਿਵਾਰ ਨੇ ਵੀ ਬੀਮਾਰੀ ਦਾ ਕਾਰਨ ਮਾਲਬਰੋਜ਼ ਫੈਕਟਰੀ ਨੂੰ ਦੱਸਿਆ ਸੀ ਤੇ ਇਹ ਵੀ ਖੁਲਾਸਾ ਕੀਤਾ ਸੀ ਕਿ ਫੈਕਟਰੀ ਵਿੱਚ 2 ਮਹੀਨੇ ਬੂਟਾ ਸਿੰਘ ਨੇ ਕੰਮ ਵੀ ਕੀਤਾ ਸੀ ,ਜਿਸ ਦੌਰਾਨ ਉਹਨਾਂ ਤੋਂ ਗੰਦੇ ਪਾਣੀ ਵਾਲੇ ਡਰਮ ਸਾਫ ਕਰਵਾਏ ਜਾਂਦੇ ਸੀ। ਇਸ ਤੋਂ ਬਾਅਦ ਹੀ ਉਹਨਾਂ ਨੂੰ ਇਸ ਬੀਮਾਰੀ ਨੇ ਘੇਰ ਲਿਆ ਤੇ ਕੰਮ ਛੱਡਣ ਤੋਂ ਬਾਅਦ ਹੌਲੀ ਹੌਲੀ ਲੀਵਰ ਤੇ ਦੋਨੋਂ ਗੁਰਦੇ ਖਰਾਬ ਹੋ ਗਏ ਤੇ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਗਈ। ਡਾਕਟਰਾਂ ਨੇ ਵੀ ਇਲਾਜ਼ ਦੌਰਾਨ ਬੀਮਾਰੀ ਦਾ ਕਾਰਨ ਪਾਣੀ ਨੂੰ ਹੀ ਦੱਸਿਆ ਸੀ।
ਜ਼ਿਕਰਯੋਗ ਹੈ ਕਿ ਇਸੇ ਪਰਿਵਾਰ ਦੀ ਇੱਕ ਹੋਰ ਬਜ਼ੁਰਗ ਔਰਤ ਦੇ ਲੀਵਰ ਤੇ ਗੁਰਦੇ ਦੋਵੇਂ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਹਨ ਤੇ ਉਹਨਾਂ ਦਾ ਵੀ ਇਲਾਜ਼ ਚੱਲ ਰਿਹਾ ਹੈ ।ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਇਹਨਾਂ ਹਾਲਾਤਾਂ ਦੇ ਜਿੰਮੇਵਾਰ ਸਿਰਫ ਸ਼ਰਾਬ ਫੈਕਟਰੀ ਨੂੰ ਦੱਸਿਆ ਤੇ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਹਾਲਾਤ ਦੇਖੋ ਕਿ ਕੱਲ ਇਸ ਵਿਅਕਤੀ ਨੇ ਆਪਣੀ ਇਸ ਹਾਲਤ ਦਾ ਜਿੰਮੇਵਾਰ ਫੈਕਟਰੀ ਨੂੰ ਦੱਸਿਆ ਸੀ ਤੇ ਅੱਜ ਉਸ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਗਈ। ਜਿਸ ਤੋਂ ਬਾਅਦ ਸਾਰੇ ਪਿੰਡ ਤੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ । ਬੂਟਾ ਸਿੰਘ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਛੱਡ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਰਾਜਵੀਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਵੀ ਬੀਮਾਰ ਹੋਣ ਤੋਂ ਬਾਅਦ ਮੌਤ ਹੋ ਗਈ ਸੀ ਤੇ ਉਸ ਵੀ ਆਪਣੀ ਮੌਤ ਤੋਂ ਪਹਿਲਾਂ ਇਵੇਂ ਹੀ ਇੰਟਰਵਿਊ ਵਿੱਚ ਆਪਣੀ ਬੀਮਾਰੀ ਦਾ ਕਾਰਨ ਸ਼ਰਾਬ ਫੈਕਟਰੀ ਨੂੰ ਦੱਸਿਆ ਸੀ।