‘ਦ ਖ਼ਾਲਸ ਬਿਊਰੋ:- 10 ਜੁਲਾਈ ਨੂੰ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲ਼ੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 330 ਕੁਇੰਟਲ ਕਣਕ ਲੰਗਰ ਲਈ ਭੇਜੀ ਗਈ। ਮੁਸਲਿਮ ਭਾਈਚਾਰੇ ਵੱਲੋਂ ਸਿੱਖ ਮੁਸਲਿਮ ਭਾਈਚਾਰਕ ਦੀ ਸਾਂਝ ਪੇਸ਼ ਕੀਤੀ ਗਈ ਹੈ। ਇਹ ਕਣਕ ਦੋ ਟਰੱਕਾਂ ‘ਚ ਭੇਜੀ ਗਈ ਹੈ।

ਇਹ ਸੇਵਾ ‘ਸਿੱਖ ਮੁਸਲਿਮ ਸਾਂਝਾਂ’ ਦੇ ਮੁਖੀ ਡਾ. ਨਸੀਰ ਅਖ਼ਤਰ ਦੀ ਅਗਵਾਈ ਵਿੱਚ ਕੀਤੀ ਗਈ ਹੈ। ਇਸ ਦੌਰਾਨ ਮੁਸਲਿਮ ਭਾਈਚਾਰੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਣਕ ਭੇਟ ਕਰਕੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਉਨ੍ਹਾਂ ਗੁਰੂ ਰਾਮਦਾਸ ਹਾਲ ‘ਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਵੀ ਛਕਿਆ।

ਇਸ ਦੌਰਾਨ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਵੀ ਕੀਤੀ।  ਉਨ੍ਹਾਂ ਦੱਸਿਆ ਕਿ ਇਹ ਕਣਕ ਮਾਲੇਰਕੋਟਲੇ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਰਲ-ਮਿਲ ਕੇ ਇਕੱਠੀ ਕੀਤੀ ਗਈ ਹੈ।

ਡਾ. ਨਸੀਰ ਅਖ਼ਤਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੈ। ਉਨ੍ਹਾਂ ਇਹ ਵੀ ਕਿਹਾ ਕਿ  ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਵਰਤਮਾਨ ਸਮੇਂ ਦੀ ਹੋਰ ਵੀ ਵੱਡੀ ਲੋੜ ਹੈ।

ਕਣਕ ਭੇਟ ਕਰਨ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਤੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਮਲੇਰਕੋਟਲਾ ਤੋਂ ਪਹੁੰਚੇ ਸਾਰੇ ਮੁਸਲਿਮ ਮੈਂਬਰਾਂ ਨੂੰ ਸਨਮਾਨਿਤ ਕੀਤਾ।

ਮੁਸਲਿਮ ਭਾਈਚਾਰੇ ਨੇ ਗੁਰੂ ਰਾਮਦਾਸ ਲੰਗਰ ਹਾਲ ਦੀ ਮਹਾਨਤਾ ਨੂੰ ਵਡਿਆਈ ਕਰਦਿਆ ਕਿਹਾ ਕਿ ਇਹ ਇੱਕ ਐਸਾ ਸਥਾਨ ਹੈ ਜਿਥੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਬਗੈਰ ਹਰ ਵਰਗ ਦੇ ਲੋਕਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ।

 

 

ਲੰਗਰ ਭੇਜਣ ਸਮੇਂ ਸਮਾਜ ਸੇਵੀ SP ਸਿੰਘ ਓਬਰਾਏ ਨੇ ਮਲੇਰਕੋਟਲਾ ਦੇ ਸਿੱਖ, ਹਿੰਦੂ, ਮੁਸਲਿਮ ਭਾਈਚਾਰਕ ਨੂੰ ਵਡਿਆਉਂਦਿਆਂ ਕਿਹਾ ਕਿ ਇਸ ਸਾਂਝ ਦਾ ਪੂਰੇ ਸੰਸਾਰ ਅੱਗੇ ਇੱਕ ਨਮੂਨਾ ਹੈ।