‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਪੂਰੀ ਦੁਨੀਆ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਅੰਤਰ-ਰਾਸ਼ਟਰੀ ਪੱਧਰ ‘ਤੇ ਕਿਸਾਨੀ ਮੁੱਦਿਆਂ ‘ਤੇ ਕਾਫੀ ਚਰਚਾ ਕੀਤੀ ਜਾ ਰਹੀ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਨ੍ਹਾਂ ਚਰਚਾਵਾਂ ‘ਤੇ ਬਿਆਨ ਦਿੰਦਿਆਂ ਕਿਹਾ ਕਿ ਅੰਤਰ-ਸੰਸਦੀ ਯੂਨੀਅਨ ਦੇ ਪ੍ਰਧਾਨ ਨੂੰ ਕਿਹਾ ਕਿ ਕਿਸੇ ਵੀ ਸੰਸਦ ਨੂੰ ਦੂਜੇ ਮੁਲਕਾਂ ਦੀ ਵਿਧਾਨਪਾਲਿਕਾ ਵੱਲੋਂ ਪਾਸ ਕਾਨੂੰਨਾਂ ਉੱਤੇ ਚਰਚਾ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਦੂਜੇ ਦੇਸ਼ ਦੀ ਅਖੰਡਤਾ ਨਾਲ ਜੁੜੇ ਮੁੱਦਿਆਂ ਉੱਤੇ ਵੀ ਵਿਚਾਰ-ਚਰਚਾ ਨਹੀਂ ਕੀਤੀ ਜਾਣੀ ਚਾਹੀਦੀ।
ਬਿਰਲਾ ਨੇ ਇਹ ਟਿੱਪਣੀ ਆਈਪੀਯੂ ਦੇ ਪ੍ਰਧਾਨ ਦੁਆਰਤੇ ਪਚੇਕੋ ਨਾਲ ਮੁਲਾਕਾਤ ਦੌਰਾਨ ਕੀਤੀ। ਪਿਛਲੇ ਹਫ਼ਤੇ ਯੂ.ਕੇ. ਦੀ ਸੰਸਦ ਨੇ ਭਾਰਤ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੇ ਮੁੱਦੇ ਉੱਤੇ ਵਿਚਾਰ-ਚਰਚਾ ਕੀਤੀ ਸੀ। ਬਿਰਲਾ ਨੇ ਕਿਹਾ ਕਿ ਆਈਪੀਯੂ ਸੰਸਾਰ ਨੂੰ ਜਲਵਾਯੂ ਤਬਦੀਲੀ, ਸਿੱਖਿਆ, ਸਿਹਤ, ਆਰਥਿਕ ਅਤੇ ਟਿਕਾਊ ਵਿਕਾਸ ਜਿਹੇ ਮੁੱਦਿਆਂ ’ਤੇ ਪ੍ਰੇਰਣਾ ਦੇ ਰਿਹਾ ਹੈ।