India Punjab

ਸੰਯੁਕਤ ਕਿਸਾਨ ਮੋਰਚਾ ਦੀ ਨੌਜਵਾਨਾਂ ਨੂੰ ਲਲਕਾਰ, ਜਾਗ ਜਾਣ, ਨਹੀਂ ਤਾਂ ਦੇਸ਼ ਨੂੰ ਵੇਚ-ਵੱਟ ਖਾ ਜਾਣਗੇ ਸਰਮਾਏਦਾਰ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖਿਲਾਫ ਕਿਸਾਨ ਲੀਡਰਾਂ ਵੱਲੋਂ ਬਹੁਤ ਸੂਝ-ਬੂਝ ਨਾਲ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਲੋਕਾਂ ਨੂੰ ਕਿਸਾਨੀ ਮੁਸ਼ਕਿਲਾਂ ਅਤੇ ਕਿਸਾਨੀ ਅੰਦੋਲਨ ਬਾਰੇ ਜਾਗਰੂਕ ਕਰਨ ਲਈ ਕਿਸਾਨ ਲੀਡਰਾਂ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਜਬਲਪੁਰ ਦੇ ਬਲਾਕ ਸਿਹੋਰਾ ਵਿੱਚ ਕੀਤੀ ਮਹਾਂਪੰਚਾਇਤ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਨੂੰ ਸਰਮਾਏਦਾਰਾਂ ਅਤੇ ਪੂੰਜੀਪਤੀਆਂ ਦੇ ਹੱਥ ਵਿਕਣ ਤੋਂ ਰੋਕਣ ਲਈ ਨੌਜਵਾਨਾਂ ਨੂੰ ਨੀਂਦ ਤੋਂ ਜਾਗਣ ਦਾ ਸੱਦਾ ਦਿੱਤਾ ਹੈ। ਲੀਡਰਾਂ ਨੇ ਕਿਹਾ ਕਿ ‘2021’ ਅੰਦੋਲਨਾਂ ਦਾ ਸਾਲ ਹੋਵੇਗਾ।

ਉਨ੍ਹਾਂ ਨੇ ਲੋਕਾਂ ਨੂੰ 26 ਮਾਰਚ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਦੀ ਅਪੀਲ ਵੀ ਕੀਤੀ। ਕਿਸਾਨ ਲੀਡਰਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਕਾਰਪੋਰੇਟਾਂ ਕੋਲ ਗਹਿਣੇ ਧਰਨ ਦੀ ਤਿਆਰੀ ਖਿੱਚ ਲਈ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ, ਮੇਜਰ ਸਿੰਘ ਪੁੰਨਾਵਾਲ, ਗੁਰਮੁੱਖ ਸਿੰਘ ਵਿਰਕ ਤੇ ਸੁਰਜੀਤ ਸਿੰਘ ਢੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਸਾਰੇ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕੀਤਾ ਜਾ ਰਿਹਾ ਹੈ।

ਲਾਕਡਾਊਨ ਦੀ ਆੜ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆਂਦੇ ਗਏ ਹਨ, ਜੋ ਕਿਸਾਨ ਮਜ਼ਦੂਰਾਂ ਲਈ ਫਾਂਸੀ ਦਾ ਰੱਸਾ ਹੈ। ਮੋਦੀ ਸਰਕਾਰ ਗਰੀਬ ਦੀ ਰੋਟੀ ਨੂੰ ਤਿਜੋਰੀਆਂ ਵਿੱਚ ਬੰਦ ਕਰ ਰਹੀ ਹੈ। ਮਜ਼ਦੂਰਾਂ ਨਾਲ ਸਬੰਧਤ ਕਾਨੂੰਨ ਬਦਲ ਦਿੱਤੇ ਗਏ ਹਨ। ਮਜ਼ਦੂਰਾਂ ਦੀ ਛਾਂਟੀ ਕੀਤੀ ਜਾ ਰਹੀ ਹੈ। 4.50 ਕਰੋੜ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਲੀਡਰਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਕੀਤਾ ਹੈ ਕਿ ਚੋਣਾਂ ਵਾਲੇ ਸੂਬਿਆਂ ਵਿੱਚ ਭਾਜਪਾ ਨੂੰ ਹਰਾਉਣ ਲਈ ਕਿਸਾਨ ਕੋਈ ਕਸਰ ਬਾਕੀ ਨਹੀਂ ਛੱਡਣਗੇ। ਲੀਡਰਾਂ ਨੇ 26 ਮਾਰਚ ਦੇ ‘ਭਾਰਤ ਬੰਦ’ ਦੀ ਤਿਆਰੀ ਵਿੱਚ ਜੁੱਟ ਜਾਣ ਦਾ ਵੀ ਸੱਦਾ ਦਿੱਤਾ। ਇਸ ਦਿਨ ਸਮੁੱਚੀ ਆਵਾਜਾਈ, ਰੇਲ ਗੱਡੀਆਂ ਅਤੇ ਦੁਕਾਨਾਂ ਸਮੇਤ ਸਾਰੇ ਕਾਰੋਬਾਰ ਬੰਦ ਕੀਤੇ ਜਾਣ। ਲੀਡਰਾਂ ਨੇ ਕਿਸਾਨੀ ਅੰਦੋਲਨ ਨੂੰ ਸੂਬੇ ਦੇ ਹਰ ਕੋਨੇ ਵਿੱਚ ਫੈਲਾਉਣ ਲਈ ਵੀ ਕਿਹਾ। ਅਨਾਜ ਮੰਡੀ ਵਿੱਚ ਹੋਈ ਮਹਾਂਪੰਚਾਇਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਕਿਸਾਨ ਸ਼ਾਮਲ ਹੋਏ।