India

ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਹੋਈ ਜਾਰੀ,ਦਿੱਲੀ ਵਿੱਚ ਪ੍ਰਦੂਸ਼ਣ ਲਈ ਪਰਾਲੀ ਨਹੀਂ ਹੈ ਵੱਡਾ ਕਾਰਨ

ਨਵੀਂ ਦਿੱਲੀ : ਪ੍ਰਦੂਸ਼ਣ ਦੀ ਸਮੱਸਿਆ ਭਾਵੇਂ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਪਰ ਇਸ ਸਾਲ ਦੇਸ਼ ਵਿੱਚ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਭਾਵ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਸੀਪੀਸੀਬੀ ਦੁਆਰਾ ਜਾਰੀ ਕੀਤੇ ਗਏ ਅੰਕੜੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ।

ਇਹਨਾਂ ਅੰਕੜਿਆਂ ਦੇ ਅਨੁਸਾਰ ਕੱਲ ਤੱਕ ਭਾਰਤ ਦੇ ਕੁੱਲ 163 ਸ਼ਹਿਰਾਂ ਵਿੱਚੋਂ, ਬਿਹਾਰ ਦੇ ਕਟਿਹਾਰ ਦਾ AQI 360 ਯਾਨਿ ਕਿ ਸਭ ਤੋਂ ਵੱਧ ਸੀ ਜਦੋਂ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦਾ AQI 354 ਰਿਹਾ। ਰਾਜਧਾਨੀ ਦੇ ਨਾਲ ਹੀ ਪੈਂਦੇ ਨੋਇਡਾ ਦਾ AQI 328 ਸੀ।

ਇਸ ਤੋਂ ਇਲਾਵਾ ਗਾਜ਼ੀਆਬਾਦ ਵਿੱਚ AQI ਪੱਧਰ 304 ਰਿਹਾ ਅਤੇ ਬਿਹਾਰ ਦੇ ਬੇਗੂਸਰਾਏ ਸ਼ਹਿਰ, ਹਰਿਆਣੇ ਦੇ ਬੱਲਬਗੜ੍ਹ, ਫਰੀਦਾਬਾਦ , ਕੈਥਲ , ਗੁਰੂਗ੍ਰਾਮ ਅਤੇ ਮੱਧ ਪ੍ਰਦੇਸ਼ ਸੂਬੇ ਦਾ ਗਵਾਲੀਅਰ ਸ਼ਹਿਰ ਵੀ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਸਨ।

ਇਹ ਅੰਕੜੇ ਝੰਜੋੜਨ ਵਾਲੇ ਹਨ। ਵਾਹਨਾਂ ਦੇ ਧੂੰਏਂ ਤੋਂ ਬਚਣ ਲਈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਜ਼ਰੂਰੀ ਸਾਮਾਨ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਪੈਰੀਫਿਰਲ ਐਕਸਪ੍ਰੈਸ ਵੇਅ ‘ਤੇ ਲਿਜਾਣ ਲਈ ਕਦਮ ਚੁੱਕਣ, ਤਾਂ ਜੋ ਉਹ ਦਿੱਲੀ ਦੀਆਂ ਹੱਦਾਂ ਤੇ ਹੋਣ ਵਾਲੇ ਜਾਮ ਤੋਂ ਬਚ ਸਕਣ।

ਭੂਮੀ ਵਿਗਿਆਨ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਪੂਰਵ ਅਨੁਮਾਨ ਏਜੰਸੀ ਸਫਰ ਦੇ ਅਨੁਸਾਰ, ਟਰਾਂਸਪੋਰਟ ਪੱਧਰ ਦੀਆਂ ਹਵਾਵਾਂ ਕਾਰਨ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਯੋਗਦਾਨ ਸ਼ੁੱਕਰਵਾਰ ਨੂੰ 30 ਪ੍ਰਤੀਸ਼ਤ ਤੋਂ ਘੱਟਿਆ ਹੈ ਤੇ ਸ਼ਨੀਵਾਰ ਨੂੰ ਸਿਰਫ਼ 21 ਪ੍ਰਤੀਸ਼ਤ ਰਹਿ ਗਿਆ ਹੈ।

ਇਹ ਪ੍ਰਦੂਸ਼ਿਤ ਹਵਾ ਨਾ ਸਿਰਫ਼ ਸਿਹਤਮੰਦ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਇਹ ਵੀ ਪਾਇਆ ਗਿਆ ਹੈ ਕਿ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ ਵੀ ਇਸ ਨਾਲ ਬੇਵਕਤੀ ਮਰ ਸਕਦੇ ਹਨ। ਗ੍ਰੀਨਪੀਸ ਦੇ ਅਨੁਸਾਰ, ਹਵਾ ਪ੍ਰਦੂਸ਼ਣ ਕਾਰਨ ਸਾਲ 2017 ਵਿੱਚ 1.2 ਮਿਲੀਅਨ ਭਾਰਤੀਆਂ ਦੀ ਬੇਵਕਤੀ ਮੌਤ ਹੋਈ ਹੈ।
ਏਅਰ ਕੁਆਲਿਟੀ ਇੰਡੈਕਸ (AQI) PM2.5 ਦੇ ਤਹਿਤ ਇਕੱਠੇ ਕੀਤੇ ਗਏ 2.5 ਮਾਈਕਰੋਨ ਤੋਂ ਛੋਟੇ ਪ੍ਰਦੂਸ਼ਣ ਦੇ ਕਣਾਂ ਨੂੰ ਮਾਪਿਆ ਜਾਂਦਾ ਹੈ, ਜੋ ਸਿੱਧੇ ਖੂਨ ਵਿੱਚ ਮਿਲ ਸਕਦੇ ਹਨ ਅਤੇ ਫੇਫੜਿਆਂ ਅਤੇ ਦਿਲ ਤੱਕ ਪਹੁੰਚ ਸਕਦੇ ਹਨ, ਜਿਸ ਨਾਲ ਸਾਹ ਲੈਣ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ।