Punjab

ਹੈਲੀਕਾਪਟਰ ਸ਼ੇਅਰਿੰਗ ‘ਤੇ ਸੂਬਾ ਸਰਕਾਰ ਦਾ ਝੂਠ ਆਇਆ ਸਾਹਮਣੇ ?

‘ਦ ਖ਼ਾਲਸ ਬਿਊਰੋੋੋੋ : ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿੱਚ ਜਦੋਂ ਹਰਿਆਣਾ ਦੇ ਉੱਪ ਮੁੱਖਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਹਾਂਸੀ ਪਹੁੰਚੇ ਸਨ ਤਾਂ ਉਸਦਾ ਪੂਰੇ ਸੂਬੇ ਵਿੱਚ ਕਾਫੀ ਵਿਵਾਦ ਹੋਇਆ ਸੀ। ਪੰਜਾਬ ਦੇ ਲੋਕਾਂ ਨੇ ਅਤੇ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਪਾਰਟੀ ਨੂੰ ਸਵਾਲ ਕੀਤੇ ਸਨ ਕਿ ਪੰਜਾਬ ਦਾ ਇਕਲੌਤਾ ਹੈਲੀਕਾਪਟਰ ਹਰਿਆਣੇ ਦੇ ਉੱਪਮੁੱਖਮੰਤਰੀ ਦੁਸ਼ਯੰਤ ਚੁਟਾਲਾ ਕਿਵੇਂ ਵਰਤ ਰਹੇ ਹਨ।

ਇਹਨਾਂ ਸਭ ਸਵਾਲਾਂ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਦਾ ਹੋਰ ਸੂਬਿਆਂ ਨਾਲ ਹੈਲੀਕਾਪਟਰ ਵਰਤਣ ਦਾ ਸਮਝੌਤਾ ਹੈ, ਜਿਸਦੇ ਤਹਿਤ ਹਰਿਆਣਾ ਦੇ ਉੱਪ ਮੁੱਖ ਮੰਤਰੀ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰੀ ਹਵਾਬਾਜੀ ਪੰਜਾਬ ਦੇ ਡਾਇਰੈਕਟਰ ਸੋਨਾਲੀ ਗਿਰੀ ਨੇ ਵੀ ਬਿਆਨ ਦਿੰਦਿਆਂ ਕਿਹਾ ਸੀ ਪੰਜਾਬ ਦਾ ਹੋਰ ਸੂਬਿਆਂ ਨਾਲ ਸਮਝੌਤਾ ਹੈ, ਜਿਸਦੇ ਤਹਿਤ ਚੌਟਾਲਾ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ।

ਮਣਿਕ ਗੋਇਲ ਵੱਲੋਂ ਪੰਜਾਬ ਦੇ ਸ਼ਹਿਰੀ ਹਵਾਵਾਬਾਜੀ ਵਿਭਾਗ ਨੂੰ ਇੱਕ RTI ਪਾਈ ਗਈ, ਜਿਸ ਵਿੱਚ ਉਨ੍ਹਾਂ ਨੇ ਹੋਰ ਸੂਬਿਆਂ ਨਾਲ ਹੈਲੀਕਾਪਟਰ ਸ਼ੇਅਰਿੰਗ ਦੇ ਸਮਝੌਤੇ ਦੀ ਕਾਪੀ ਮੰਗੀ। ‘RTI ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਕਿ ਪੰਜਾਬ ਸਰਕਾਰ ਦਾ ਕਿਸੇ ਵੀ ਸੂਬੇ ਨਾਲ ਕਦੇ ਵੀ ਹੈਲੀਕਾਪਟਰ ਸ਼ੇਅਰਿੰਗ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਗਿਆ।’

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਮਸਲੇ ਉੱਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਆਰਟੀਆਈ ਦੀ ਕਾਪੀ ਸ਼ੇਅਰ ਕਰਦਿਆਂ ਕਿਹਾ ਕਿ ਆਰਟੀਆਈ ਦੀ ਜਾਣਕਾਰੀ ਦੱਸਦੀ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ ਸੀ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਮੀਡੀਆ ਵਿੱਚ ਝੂਠ ਬੋਲਣ ਕਰਕੇ ਮੁਆਫ਼ੀ ਮੰਗਣ ਲਈ ਕਿਹਾ ਹੈ।