ਚੰਡੀਗੜ੍ਹ : ਪਿਛਲੇ ਦਿਨੀਂ ਪੰਜਾਬ ਵਿੱਚ ਪੈ ਰਹੇ ਮੀਂਹ ਤੋਂ ਬਾਅਦ ਹੁਣ ਤਿੱਖੀਆਂ ਧੁੱਪਾਂ ਦੇ ਦਰਸ਼ਨ ਹੋਣਗੇ। ਅਗਲੇ ਦਿਨਾਂ ਵਿੱਚ ਸੂਬੇ ਦਾ ਮੌਸਮ ਸਾਫ ਰਹੇਗਾ। ਚੰਡੀਗੜ੍ਹ ਮੌਸਮ ਕੇਂਦਰ ਵੱਲੋਂ ਜਾਰੀ ਸੂਚਨਾ ਮੁਤਾਬਕ ਆਉਣ ਵਾਲੇ ਪੰਜ ਦਿਨ ਮੌਸਮ ਬਿਲਕੁਲ ਖੁਸ਼ਕ ਰਹੇਗਾ। ਇਸ ਨਾਲ ਅਗਲੇ ਦਿਨਾਂ ਵਿੱਚ ਤਾਪਮਾਨ ਵਿੱਚ ਵੀ ਇੱਕ ਦਮ ਵਾਧਾ ਦੇਖਿਆ ਜਾਵੇਗਾ।
ਮੌਸਮ ਵਿਭਾਗ ਮੁਤਾਬਕ 9 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਸਾਫ ਰਹੇਗਾ। ਯਾਨੀ ਕਿਸ ਤਰ੍ਹਾਂ ਦੀ ਕੋਈ ਚੇਤਵਾਨੀ ਨਹੀਂ ਹੈ। ਚੰਡੀਗੜ੍ਹ ਅਤੇ ਹਰਿਆਣਾ ਵਿੱਚ ਅਗਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ।
ਮੌਸਮ ਵਿਭਾਗ ਅਨੁਸਾਰ ਹੁਣ ਇੱਕ ਵਾਰ ਫਿਰ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਮੌਸਮ ਤੇਜ਼ੀ ਨਾਲ ਬਦਲਣ ਵਾਲਾ ਹੈ ਅਤੇ ਅੱਤ ਦੀ ਗਰਮੀ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਤੋਂ ਰਾਸ਼ਟਰੀ ਰਾਜਧਾਨੀ ‘ਚ ਗਰਮੀ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਪੰਜ ਦਿਨਾਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਦਾ ਵਾਧਾ ਹੋਣ ਵਾਲਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦਾ ਤਾਪਮਾਨ 34 ਡਿਗਰੀ ਰਹੇਗਾ ਜਦੋਂਕਿ ਗੁਰੂਗ੍ਰਾਮ ਅਤੇ ਐਨਸੀਆਰ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਇਸਦੇ ਨਾਲ ਹੀ ਅਗਲੇ 3 ਦਿਨਾਂ ਦੌਰਾਨ ਪੱਛਮੀ ਹਿਮਾਲੀਅਨ ਖੇਤਰ ਵਿੱਚ ਛਿਟ-ਪੁੱਟ ਮੀਂਹ ਪੈ ਸਕਦਾ ਹੈ। ਅਗਲੇ 24 ਘੰਟਿਆਂ ਦੌਰਾਨ ਗਰਜ਼-ਤੂਫ਼ਾਨ/ਬਿਜਲੀ, ਮੈਦਾਨੀ ਇਲਾਕਿਆਂ ਵਿੱਚ ਹਲਕਾ ਮੀਂਹ ਅਤੇ ਉਸ ਤੋਂ ਬਾਅਦ ਖੁਸ਼ਕ ਮੌਸਮ ਹੋਵੇਗਾ।
ਆਉਣ ਵਾਲੇ ਦਿਨਾਂ ਵਿੱਚ ਨਵੀਂ ਦਿੱਲੀ ਦਾ ਤਾਪਮਾਨ ਲਗਾਤਾਰ ਵਧੇਗਾ। ਮੌਸਮ ਵਿਭਾਗ ਮੁਤਾਬਕ 9 ਅਪ੍ਰੈਲ ਤੋਂ ਦਿੱਲੀ ਦਾ ਤਾਪਮਾਨ 34 ਡਿਗਰੀ ਤੱਕ ਪਹੁੰਚ ਸਕਦਾ ਹੈ। ਗਾਜ਼ੀਆਬਾਦ ਦਾ ਤਾਪਮਾਨ 35 ਡਿਗਰੀ ਤੱਕ ਪਹੁੰਚ ਸਕਦਾ ਹੈ ਆਉਣ ਵਾਲੇ ਹਫ਼ਤੇ ਵਿੱਚ ਗੁਰੂਗ੍ਰਾਮ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਅਗਲੇ ਹਫਤੇ ਤੋਂ ਨੋਇਡਾ ‘ਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੱਕ ਪਹੁੰਚ ਸਕਦਾ ਹੈ।