India Punjab

ਪੰਜਾਬ ਦੀ ਧਰਤੀ ਪਵਿੱਤਰ ਧਰਤੀ ਹੈ, ਮੈਂ ਪੰਜਾਬ ਨੂੰ ਸਿਰ ਝੁਕਾਉਂਦਾ ਹਾਂ : ਰਾਜਪਾਲ ਸਤਿਆਪਾਲ ਮਲਿਕ

ਦ ਖ਼ਾਲਸ ਬਿਊਰੋ : ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਬੀਤੇ ਦਿਨੀਂ ਜਲੰਧਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਰੱਖੇ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਸਾਨੀ ਮੁੱਦੇ ਨੂੰ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਿਛਲੇ ਸਾਲ ਖੇਤੀ ਕਾਨੂੰਨਾਂ ਵਿਰੁੱਧ ਇਕ ਸਾਲ ਤੱਕ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਕੇਂਦਰ ਵੱਲੋਂ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਜੋ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਮੁੱਖ ਮੁੱਦਾ ਸੀ MSP ‘ਤੇ ਕਾਨੂੰਨ ਦੀ ਗਾਰੰਟੀ ਜੋ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਹੈ।

ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ

ਸਤਿਆਪਾਲ ਮਲਿਕ ਨੇ ਕਿਹਾ ਕਿ ਪੰਜਾਬ ਦੀ ਧਰਤੀ ਪਵਿੱਤਰ ਧਰਤੀ ਹੈ, ਮੈਂ ਪੰਜਾਬ ਨੂੰ ਸਿਰ ਝੁਕਾਉਂਦਾ ਹਾਂ, ਸ਼ਹੀਦਾਂ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦਾ ਹਾਂ। ਮੇਰੇ ਲਈ ਇੱਥੇ ਆਉਣਾ ਕੁੰਭ ਦੇ ਮੇਲੇ ਵਰਗਾ ਹੈ । ਪੰਜਾਬ ਆਉਣ ‘ਤੇ ਬਹੁਤ ਪੁੰਨ ਲੱਗਦਾ ਹੈ। ਮੈਂ ਕੋਈ ਕਰਾਮਾਤ ਨਹੀਂ ਕੀਤੀ, ਮੇਰਾ ਜੋ ਫਰਜ਼ ਸੀ ਮੈਂ ਉਹ ਕੀਤਾ।

ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਦੇਖਿਆ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ 4 ਮਹੀਨਿਆਂ ਤੱਕ ਸੜਕਾਂ ‘ਤੇ ਬੈਠੇ ਰਹੇ ਤਾਂ ਕੋਈ ਸੁਣਵਾਈ ਨਹੀਂ ਹੋਈ ਤਾਂ ਮੈਂ ਤੰਗ ਆ ਕੇ ਪ੍ਰਧਾਨ ਮੰਤਰੀ ਕੋਲ ਇਹ ਸਮੱਸਿਆ ਉਠਾਈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰੋ ਤੇ ਉਨ੍ਹਾਂ ਨੂੰ ਘਰ ਭੇਜੋ ਪਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਮਲਿਕ ਤੂੰ ਕਿਉਂ ਚਿੰਤਾ ਕਰਦਾ ਹੈ ਆਪੇ ਚਲੇ ਜਾਣਗੇ ਮਤਲਬ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੇਰੀ ਇਸ ਗੱਲ ਨੂੰ ਹਲਕੇ ਵਿਚ ਲਿਆ।

ਸੱਤਿਆਪਾਲ ਮਲਿਕ ਨੇ ਇਹ ਕਿਹਾ ਮੈਂ ਪੀਐੱਮ ਮੋਦੀ ਨੂੰ ਕਿਹਾ ਕਿ ਸਰ ਤੁਸੀਂ ਇਹਨਾਂ ਲੋਕਾਂ ਨੂੰ ਜਾਣਦੇ ਨਹੀਂ ਹੋ ਇਹ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਸੁਣਵਾਈ ਨਹੀਂ ਹੋਵੇਗੀ। ਮੈਂ ਉਨ੍ਹਾਂ ਨੂੰ ਫਿਰ ਸਿੱਖਾਂ ਬਾਰੇ ਵੀ ਦੱਸਿਆ ਕਿ ਸਿੱਖ ਕੌਣ ਹਨ। ਮੈਂ ਪੀਐੱਮ ਦੇ ਮੂੰਹ ‘ਤੇ ਕਹਿ ਦਿੱਤਾ ਸੀ ਕਿ ਸਿੱਖਾਂ ਨਾਲ ਨਾ ਉਲਝੇ ਲਓ ਕਿਉਂਕਿ ਇਹ ਅਪਣੇ ਦੁਸ਼ਮਣ ਨੂੰ ਸਾਲਾਂ ਤੱਕ ਨਹੀਂ ਭੁੱਲਦੇ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਾਨੂੰਨ ਤਾਂ ਰੱਦ ਕਰ ਦਿੱਤੇ ਸਨ ਪਰ ਅਜੇ ਵੀ ਸਰਕਾਰ ਇਨਸਾਫ਼ ਨਹੀਂ ਕਰ ਰਹੀ ਹੈ ਨਾ ਹੀ ਉਨ੍ਹਾਂ ਨੇ ਕਿਸਾਨਾਂ ‘ਤੇ ਦਰਜ ਹੋਏ ਪਰਚੇ ਰੱਦ ਕੀਤੇ ਹਨ । ਮਲਿਕ ਨੇ ਕਿਹਾ ਕਿ ਸਰਕਾਰ ਅਜੇ ਵੀ ਲੋਕਾਂ ਪ੍ਰਤੀ ਈਮਾਨਦਾਰ ਨਹੀਂ ਹੈ।