ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਨਾਭਾ ਨਗਰ ਕੌਂਸਲ ਦੇ ਐਗਜ਼ੀਕਿਊਟਿਵ ਆਫ਼ਿਸਰ (EO) ਦੀ ਸਰਕਾਰੀ ਰਿਹਾਇਸ਼ੀ ਕੋਠੀ ਤੋਂ ਖੁਦਾਈ ਚੋਂ ਕਿਸਾਨਾਂ ਦੀਆਂ ਚੋਰੀ ਹੋਈ ਟਰੈਕਟਰ ਟਰਾਲੀਆਂ ਦੇ ਪੁਰਜੇ ਅਤੇ ਸਾਮਾਨ ਬਰਾਮਦ ਹੋਣ ਦਾ ਮਾਮਲਾ ਗਰਮਾਇਆ ਹੋਇਆ ਹੈ। ਲੰਘੇ ਕੱਲ੍ਹ ਯਾਨੀ 19 ਨਵੰਬਰ 2025 ਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਕਿਸਾਨਾਂ ਦੀ ਬੇਨਤੀ ‘ਤੇ ਜੇਸੀਬੀ ਮਸ਼ੀਨ ਨਾਲ ਖੁਦਾਈ ਸ਼ੁਰੂ ਕੀਤੀ ਤਾਂ ਧਰਤੀ ਹੇਠੋਂ ਟਰਾਲੀਆਂ ਦੇ ਭਾਰੀ ਪੁਰਜੇ ਅਤੇ ਕਿਸਾਨਾਂ ਦਾ ਚੋਰੀ ਹੋਇਆ ਸਾਮਾਨ ਸਾਹਮਣੇ ਆ ਗਿਆ। ਇਹ ਘਟਨਾ ਕਿਸਾਨ ਜਥੇਬੰਦੀਆਂ ਵਿੱਚ ਰੋਸ ਵਧਾ ਰਹੀ ਹੈ ਅਤੇ ਉਹਨਾਂ ਨੇ ਸਰਕਾਰ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ।
ਕਿਸਾਨ ਜਥੇਬੰਦੀਆਂ ਨੇ ਰੇਲਾਂ ਰੋਕਣ ਦੀ ਚਿਤਾਵਨੀ ਦਿੱਤੀ ਹੈ ਅਤੇ 19 ਦਸੰਬਰ 2025 ਨੂੰ ਪੂਰੇ ਪੰਜਾਬ ਵਿੱਚ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ, 17 ਅਤੇ 18 ਦਸੰਬਰ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ (DC) ਦਫ਼ਤਰਾਂ ਅੱਗੇ ਵੱਡੇ ਧਰਨੇ ਦੇਣ ਦੀ ਯੋਜਨਾ ਬਣਾਈ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਹੈ।

