Punjab

ਕਿਸਾਨ ਅੱਜ ਖੋਲਣਗੇ ਪੰਜਾਬ ਦੇ ਟੋਲ ਪਲਾਜ਼ਿਆਂ ਦੇ ਬੈਰੀਕੇਡ , 11 ਜ਼ਿਲ੍ਹਿਆਂ ਦੇ ਟੋਲ ਪਲਾਜ਼ਿਆਂ ‘ਤੇ ਧਰਨਾ ਦੇਣਗੀਆਂ ਕਿਸਾਨ ਜਥੇਬੰਦੀਆਂ

Farmers will open barricades of toll plazas in Punjab today, farmer organizations will protest at toll plazas of 11 districts.

‘ਦ ਖ਼ਾਲਸ ਬਿਊਰੋ :  ਪੰਜਾਬ ਦੇ ਸਾਰੇ ਡੀਸੀ ਦਫਤਰਾਂ ਦੇ ਬਾਹਰ ਪਿਛਲੇ 19 ਦਿਨਾਂ ਤੋਂ ਧਰਨਾ ਲਗਾ ਕੇ ਬੈਠੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਹੈ । ਕਿਸਾਨਾਂ ਵੱਲੋਂ ਅੱਜ ਸੂਬੇ ਦੇ 11 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ਿਆਂ ’ਤੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਧਰਨੇ ਵੀ ਦਿੱਤੇ ਦੇਣਗੇ।

ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਸ਼ੁਰੂ ਕੀਤੇ ਗਏ ਰੋਸ ਪ੍ਰਦਰਸ਼ਨਾਂ ਤਹਿਤ ਹੁਣ ਟੋਲ ਪਲਾਜ਼ਿਆਂ ਦਾ ਘਿਰਾਓ ਕਰਨ ਦੀ ਤਿਆਰੀ ਹੈ। ਜਿਸ ਦੇ ਤਹਿਤ ਅੱਜ ਦੁਪਹਿਰ 1 ਵਜੇ ਤੱਕ ਅੰਮ੍ਰਿਤਸਰ ਦੇ ਸਾਰੇ ਟੋਲ ਪਲਾਜ਼ਿਆਂ ਦੇ ਬੈਰੀਕੇਡ ਕਿਸਾਨਾਂ ਵੱਲੋਂ ਖੋਲ੍ਹ ਦਿੱਤੇ ਜਾਣਗੇ ਤੇ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੀ ਕਿਸੇ ਵੀ ਗੱਡੀ ਦੀ ਫੀਸ ਨਹੀਂ ਕੱਟਣ ਦਿੱਤੀ ਜਾਵੇਗੀ । ਹਾਲਾਂਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਤਾਂ ਸਿਰਫ਼ ਦੋ ਘੰਟਿਆਂ ਲਈ ਹੀ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ ਪਰ ਇਹ ਪ੍ਰੋਗਰਾਮ ਇਸੇ ਤਰਾਂ, ਇੱਕ ਮਹੀਨੇ ਤੱਕ ਚੱਲੇਗਾ।

ਉਹਨਾਂ ਸਰਕਾਰ ਨੂੰ ਚਿਤਾਵਨੀ ਜਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਚਰਚਾ ਤੋਂ ਬਾਅਦ ਪਿਛਲੇ ਅੰਦੋਲਨ ਦੀ ਤਰਜ਼ ’ਤੇ ਟੋਲ ਪਲਾਜ਼ਾ ’ਤੇ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ 15 ਜਨਵਰੀ ਤੱਕ ਜਾਰੀ ਰਹੇਗਾ।

ਇਸ ਦੌਰਾਨ ਅੰਮ੍ਰਿਤਸਰ ਅਧੀਨ ਪੈਂਦੇ ਮਾਨਾਵਾਲਾ, ਕੱਥੂਨੰਗਲ ਅਤੇ ਅਟਾਰੀ ਸਰਹੱਦ ਵੱਲ ਜਾਣ ਵਾਲੇ ਟੋਲ ਬੈਰੀਕੇਡ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹੇ ਜਾ ਰਹੇ ਹਨ । ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਤਿੰਨੋਂ ਟੋਲ ਪਲਾਜ਼ਿਆਂ ਦੇ ਨਾਲ-ਨਾਲ ਪੰਜਾਬ ਦੇ 18 ਟੋਲ ਪਲਾਜ਼ਿਆਂ ਦੇ ਬੈਰੀਕੇਡ ਖੋਲ੍ਹਣ ਦੀਆਂ ਤਿਆਰੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਕਿਸਾਨਾਂ ਦਾ ਸੰਘਰਸ਼ 20ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਕੋਲ ਸਰਕਾਰ ਨੂੰ ਜਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।

ਉਹਾਨਾਂ ਇਹ ਵੀ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ । ਸਤੰਬਰ ਮਹੀਨੇ ਵਿੱਚ ਖੇਤੀਬਾੜੀ ਮੰਤਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 634 ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਿਆ ਹੈ। ਜਦਕਿ ਬਾਕੀਆਂ ਨੂੰ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਅਜੇ ਵਿਚਾਰ ਅਧੀਨ ਹੈ । ਹੁਣ ਸਰਕਾਰ ਨੇ ਆਪਣਾ ਇਰਾਦਾ ਸਪੱਸ਼ਟ ਕਰ ਦਿੱਤਾ ਹੈ ਤੇ ਉਹ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ। ਦੋ ਸਾਲ ਹੋ ਗਏ ਨੇ ਪਰ ਹਾਲੇ ਵੀ ਸਰਕਾਰ ਵਿਚਾਰ ਕਰ ਰਹੀ ਹੈ।

ਪੰਧੇਰ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਫ਼ਸਲਾਂ ਦੇ ਨੁਕਸਾਨ ਹੋਣ ‘ਤੇ ਕਿਸਾਨਾਂ ਨੂੰ 17 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਇਸ ਤੋਂ ਵੀ ਪਿੱਛੇ ਹਟ ਰਹੀ ਹੈ । ਸਰਕਾਰ ਨੇ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ 5400 ਰੁਪਏ ਪ੍ਰਤੀ ਏਕੜ ਤੋਂ 12 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਦੇ ਮਾਪਦੰਡ ਬਣਾਏ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅੰਦੋਲਨ ਖਤਮ ਕਰਵਾਉਣ ਲਈ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ ਅਤੇ ਲਿਖਤੀ ਤੌਰ ‘ਤੇ ਜੋ ਸਮਝੌਤਾ ਕੀਤਾ ਸੀ ਉਸ ‘ਤੇ ਖਰੀ ਨਹੀਂ ਉਤਰੀ । ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਾ ਤਾਂ ਕਿਸਾਨਾਂ ‘ਤੇ ਦਰਜ ਕੀਤੇ ਕੇਸ ਵਾਪਸ ਲਏ ਹਨ ਅਤੇ ਨਾ ਹੀ ਹੋਰ ਮੰਗਾਂ ਨੂੰ ਪੂਰਾ ਕੀਤਾ ਹੈ। ਜਿਸ ਕਾਰਨ ਕਿਸਾਨਾਂ ਨੇ ਹੁਣ ਟੋਲ ਪਲਾਜ਼ਾ ਬੰਦ ਕਰਨ ਦਾ ਫੈਸਲਾ ਕੀਤਾ ਹੈ ।

18 ਟੋਲ ਪਲਾਜ਼ੇ ਬੰਦ ਰਹਿਣਗੇ

ਅੰਮ੍ਰਿਤਸਰ: ਕੱਥੂਨੰਗਲ, ਮਾਨਾਂਵਾਲਾ ਅਤੇ ਅਟਾਰੀ ਟੋਲ ਪਲਾਜ਼ਾ।
ਪਠਾਨਕੋਟ: ਦੀਨਾਨਗਰ ਟੋਲ ਪਲਾਜ਼ਾ।
ਕਪੂਰਥਲਾ: ਢਿਲਵਾਂ ਟੋਲ ਪਲਾਜ਼ਾ।
ਮੋਗਾ: ਬਾਘਾਪੁਰਾਣਾ ਟੋਲ ਪਲਾਜ਼ਾ।
ਤਰਨਤਾਰਨ: ਉਸਮਾ, ਮਨਣ ਟੋਲ ਪਲਾਜ਼ਾ।
ਹੁਸ਼ਿਆਰਪੁਰ: ਮੁਕੇਰੀਆਂ, ਚਿਲਾਂਗ, ਚੱਬੇਵਾਲ, ਮਾਨਸਰ ਅਤੇ ਗੜਦੀਵਾਲਾ ਟੋਲ ਪਲਾਜ਼ਾ।
ਫ਼ਿਰੋਜ਼ਪੁਰ: ਗਿੱਦੜਪਿੰਡੀ ਅਤੇ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ।
ਜਲੰਧਰ: ਚੱਕਬਾਹਮਣੀਆਂ ਟੋਲ ਪਲਾਜ਼ਾ।
ਫਾਜ਼ਿਲਕਾ: ਥੇ ਕਲੰਦਰ ਅਤੇ ਮਾਮੋਜਾਏ ਟੋਲ ਪਲਾਜ਼ਾ।