‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦਿਨੋਂ-ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਅਤੇ ਕਿਸਾਨ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਖੁਫੀਆ ਸੂਤਰ ਹਵਾਲੇ ਨਾਲ ਜਾਣਕਾਰੀ ਮੁਤਾਬਕ ਅਲਟਰਾ ਲੈਫਟ ਦੇ ਨੇਤਾਵਾਂ ਅਤੇ ਖੱਬੇ ਪੱਖੀ ਕੱਟੜਪੰਥੀ ਤੱਤਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਹਾਈਜੈਕ ਕਰ ਲਿਆ ਹੈ।
ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਕੱਟੜਪੰਥੀ ਸੰਗਠਨ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਹਿੰਸਾ, ਅਗਨ ਭੇਟ ਕਰਨ ਅਤੇ ਜਨਤਕ ਜਾਇਦਾਦ ਦੇ ਨੁਕਸਾਨ ਲਈ ਭੜਕਾਉਣ ਦੀ ਯੋਜਨਾ ਬਣਾ ਰਹੇ ਹਨ।
ਖੁਫੀਆ ਵਿਭਾਗ ਦੀ ਰਿਪੋਰਟ ‘ਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਨੂੰ ਇੱਥੇ ਅਜਿਹੇ ਲੋਕ ਨਜ਼ਰ ਨਹੀਂ ਆਏ। ਫਿਰ ਵੀ, ਜੇ ਖੁਫੀਆ ਏਜੰਸੀਆਂ ਇਸ ਅੰਦੋਲਨ ‘ਤੇ ਨਜ਼ਰ ਰੱਖ ਰਹੀਆਂ ਹਨ ਤਾਂ ਉਹ ਉਨ੍ਹਾਂ ਨੂੰ ਫੜਨ। ਟਿਕੈਤ ਨੇ ਕਿਹਾ ਕਿ ਸਾਡੀ ਸੈਂਟਰਲ ਇੰਟੈਲੀਜੈਸ ਇੰਨੀ ਕਮਜ਼ੋਰ ਨਹੀਂ ਹੈ, ਜੋ ਉਨ੍ਹਾਂ ਨੂੰ ਫੜ ਨਹੀਂ ਸਕਦੀ। ਉਹ ਲੋਕ ਜੋ ਗਲਤ ਪ੍ਰਚਾਰ ਕਰ ਰਹੇ ਹਨ, ਏਜੰਸੀ ਨੂੰ ਉਨ੍ਹਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਸਾਡੇ ਏਜੰਡੇ ‘ਤੇ ਨਹੀਂ ਹੈ। ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਿਆਣੇ ਵਾਲੇ ਪਾਸੇ ਪੋਸਟਰ ਲੱਗੇ ਹਨ। ਸਾਡੀ ਕੋਰ ਕਮੇਟੀ ਦੀ ਬੈਠਕ ਵਿੱਚ ਇਹ ਕੋਈ ਮੁੱਦਾ ਨਹੀਂ ਹੈ। ਇਹ ਸਾਡਾ ਏਜੰਡਾ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਅਜਿਹਾ ਕੋਈ ਤੱਤ ਨਜ਼ਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਅੰਦੋਲਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ।