ਨਵੀਂ ਦਿੱਲੀ : ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਅੱਜ ਦਿੱਲੀ ਤੇ ਮੁੰਬਈ ਵਿਚਲੇ ਬੀਬੀਸੀ ਦੇ ਦਫ਼ਤਰਾਂ ਵਿੱਚ ਛਾਪੇ ਮਾਰੇ। ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ (BBC) ਦਫ਼ਤਰਾਂ ਵਿੱਚ ਇੱਕ ‘ਸਰਵੇ ਆਪ੍ਰੇਸ਼ਨ’ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਕੰਪਨੀ ਦੇ ਕਾਰੋਬਾਰੀ ਸੰਚਾਲਨ ਅਤੇ ਇਸ ਦੀ ਭਾਰਤੀ ਇਕਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਹੈ।
ਇੱਕ ਸਰਵੇ ਦੇ ਹਿੱਸੇ ਵਜੋਂ, ਇਨਕਮ ਟੈਕਸ ਵਿਭਾਗ ਸਿਰਫ ਕੰਪਨੀ ਦੇ ਕਾਰੋਬਾਰੀ ਸਥਾਨਾਂ ਦਾ ਨਿਰੀਖਣ ਕਰਦਾ ਹੈ ਅਤੇ ਇਸ ਦੇ ਪ੍ਰਮੋਟਰਾਂ ਜਾਂ ਨਿਰਦੇਸ਼ਕਾਂ ਦੀਆਂ ਰਿਹਾਇਸ਼ਾਂ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਜਲਦ ਹੀ ਇਸ ਸਰਵੇ ਬਾਰੇ ਰਸਮੀ ਤੌਰ ‘ਤੇ ਜਾਣਕਾਰੀ ਦੇਵੇਗਾ।
ਇਸ ਦੌਰਾਨ ਕਾਂਗਰਸ ਨੇ ਬੀਬੀਸੀ ਦਫ਼ਤਰ ‘ਤੇ ਆਮਦਨ ਕਰ ਵਿਭਾਗ ਦੇ ਸਰਵੇ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ, ‘ਪਹਿਲਾਂ ਬੀਬੀਸੀ ਦੀ ਡਾਕੂਮੈਂਟਰੀ (BBC Documentary) ਆਈ, ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਬੀਬੀਸੀ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਹੈ। ਅਣ-ਐਲਾਨੀ ਐਮਰਜੈਂਸੀ…। ਦੱਸ ਦਈਏ ਕਿ ਬੀਬੀਸੀ ਦੁਆਰਾ 2002 ਦੇ ਗੁਜਰਾਤ ਦੰਗਿਆਂ ਬਾਰੇ ਡਾਕੂਮੈਂਟਰੀ ਪ੍ਰਸਾਰਿਤ ਕੀਤੇ ਜਾਣ ਤੋਂ ਹਫ਼ਤੇ ਬਾਅਦ ਇਹ ਕਾਰਵਾਈ ਹੋਈ ਹੈ।
ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਬੀਬੀਸੀ ਦਫ਼ਤਰ ਵਿੱਚ ਮੌਜੂਦ ਸਾਰੇ ਮੁਲਾਜ਼ਮਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ। ਲੇਖਾ ਦਫ਼ਤਰ ਵਿੱਚ ਰੱਖੇ ਕੰਪਿਊਟਰ ਦੇ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਸੇ ਵੀ ਕਰਮਚਾਰੀ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਕੁਝ ਸਟਾਫ਼ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਸਿਸਟਮ ਦੀ ਵਰਤੋਂ ਨਾ ਕਰਨ ਜਾਂ ਦਫ਼ਤਰ ਨਾ ਆਉਣ। ਕਰਮਚਾਰੀਆਂ ਨੂੰ ਆਪਣੇ ਨਿੱਜੀ ਫੋਨ ਦੀ ਵਰਤੋਂ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ