ਬਿਉਰੋ ਰਿਪੋਰਟ – ਅੱਜ ਅਸੀਂ ਲੋਕਤੰਤਰ ਦੀ ਸਿਆਹੀ ਦੀ ਕਹਾਣੀ ਬਾਰੇ ਤੁਹਾਨੂੰ ਦੱਸਦੇ ਹਾਂ ਜੋ ਵੋਟ ਪਾਉਣ ਸਮੇਂ ਤੁਹਾਡੀ ਉਂਗਲ ’ਤੇ ਨੀਲੀ ਸਿਆਹੀ ਲਾਈ ਜਾਂਦੀ ਹੈ। ਇਹ ਸਿਰਫ਼ ਸਿਆਹੀ ਨਹੀਂ ਹੈ, ਇਹ ਲੋਕਤੰਤਰ ਦੀ ਮਜ਼ਬੂਤੀ ਦਾ ਤੇ ਤੁਹਾਡੇ ਕੀਮਤੀ ਵੋਟ ਦੀ ਗਰੰਟੀ ਦਾ ਭਰੋਸਾ ਦਿੰਦੀ ਹੈ। ਇਸ ਸਿਆਹੀ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਸ ਦਾ ਨਿਸ਼ਾਨ ਕਈ ਦਿਨਾਂ ਤੱਕ ਨਹੀਂ ਜਾਂਦਾ। ਕੀ ਤੁਸੀਂ ਜਾਣਦੇ ਹੋ ਇਹ ਸਿਆਹੀ ਕਿੱਥੇ ਬਣਦੀ ਹੈ ਤੇ ਵੋਟਾਂ ਪਾਉਣ ਵਾਲੇ ਇਸ ਦੀ ਏਨੀ ਅਹਿਮੀਅਤ ਕਿਉਂ ਹੈ?
ਕੀ ਹੈ ਇਸ ਸਿਆਹੀ ਦੀ ਖ਼ਾਸੀਅਤ?
ਚੋਣਾਂ ਵਿੱਚ ਫ਼ਰਜ਼ੀ ਵੋਟਾਂ ਤੋਂ ਬਚਾਅ ਕਰਨ ਲਈ ਇਹ ਸਿਆਹੀ ਬੜੀ ਅਹਿਮ ਹੈ। ਇਹ ਸਿਆਹੀ 40 ਸਕਿੰਟਾਂ ਤੋਂ ਘੱਟ ਸਮੇਂ ਵਿੱਚ ਸੁੱਕ ਜਾਂਦੀ ਹੈ। ਉਂਗਲ ‘ਤੇ ਲੱਗਣ ਦੇ ਪਹਿਲੇ ਸਕਿੰਟ ਵਿੱਚ ਹੀ ਇਹ ਸਿਆਹੀ ਆਪਣਾ ਨਿਸ਼ਾਨ ਛੱਡ ਦਿੰਦੀ ਹੈ। ਇਹ ਨਿਸ਼ਾਨ ਕਰੀਬ ਇੱਕ ਹਫ਼ਤੇ ਤੱਕ ਉਂਗਲ ‘ਤੇ ਬਣਿਆ ਰਹਿੰਦਾ ਹੈ।
ਜੇ ਕੋਈ ਵਿਅਕਤੀ ਇਸ ਸਿਆਹੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਹੀਂ ਕਰ ਪਾਉਂਦਾ, ਇਸ ਦੇ ਉਲਟ ਅਸਰ ਹੋ ਸਕਦੇ ਹਨ। ਕਿਸੇ ਰਸਾਇਣ ਦੀ ਮਦਦ ਨਾਲ ਵੀ ਇਸ ਨਿਸ਼ਾਨ ਨੂੰ ਨਹੀਂ ਮਿਟਾਇਆ ਜਾ ਸਕਦਾ, ਉਂਗਲ ਜਾਂ ਨਹੁੰ ਦਾ ਨੁਕਸਾਨ ਹੋ ਸਕਦਾ ਹੈ।
ਚੋਣ ਕਮਿਸ਼ਨ ਨੂੰ ਸੌਂਪਣ ਤੋਂ ਪਹਿਲਾਂ ਇਸ ਸਿਆਹੀ ਦਾ ਕਈ ਪੜਾਵਾਂ ਵਿੱਚ ਨਿਰੀਖਣ ਕੀਤਾ ਜਾਂਦਾ ਹੈ। ਇਸ ਦੇ ਰਸਾਇਣ ਤੇ ਕੁਆਲਟੀ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਹੀ ਇਸ ਨੂੰ ਵੋਟਰਾਂ ਦੀਆਂ ਉਂਗਲਾਂ ’ਤੇ ਲਾਉਣ ਲਈ ਭੇਜਿਆ ਜਾਂਦਾ ਹੈ।
ਕਿੱਥੋਂ ਆਉਂਦੀ ਹੈ ਵੋਟਾਂ ਵਾਲੀ ਸਿਆਹੀ?
ਪੂਰੇ ਦੇਸ਼ ਵਿੱਚ ਸਿਰਫ਼ ਇੱਕ ਕੰਪਨੀ ਹੈ ਜੋ ਵੋਟਾਂ ਵਿੱਚ ਵਰਤੀ ਜਾਣ ਵਾਲੀ ਸਿਆਹੀ ਬਣਾਉਂਦੀ ਹੈ। ਕਰਨਾਟਕ ਦੇ ਮੈਸੂਰ ਵਿੱਚ ਇੱਕ ਕੰਪਨੀ ਹੈ ਜੋ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਰੋਗਨ ਬਣਾਉਂਦੀ ਸੀ। ਇਸ ਕੰਪਨੀ ਦਾ ਨਾਂ ਹੈ ਮੈਸੂਰ ਪੇਂਟਸ ਐਂਡ ਵੈਰਨਿਸ਼ ਲਿਮਟਿਡ (Mysore Paints & Varnish LTD)। ਇਸ ਕੰਪਨੀ ਨੇ 1962 ਵਿੱਚ ਭਾਰਤੀ ਚੋਣ ਕਮਿਸ਼ਨ ਨੂੰ ਵੋਟਾਂ ਵਿੱਚ ਵਰਤੀ ਜਾਣ ਵਾਲੀ ਇਹ ਸਿਆਹੀ ਵੇਚਣੀ ਸ਼ੁਰੂ ਕੀਤੀ। ਉਦੋਂ ਤੋਂ ਲੈ ਕੇ ਸਿਰਫ਼ ਇਹੀ ਕੰਪਨੀ ਇਹ ਸਿਆਹੀ ਬਣਾ ਰਹੀ ਹੈ।
ਆਪਣੀ ਸ਼ਾਨਦਾਰ ਤੇ ਭਰੋਸੇਮੰਦ ਕੁਆਲਟੀ ਕਰਕੇ ਇਹੀ ਕੰਪਨੀ ਕੋਲੋਂ ਭਾਰਤੀ ਚੋਣ ਕਮਿਸ਼ਨ ਪਿਛਲੇ 62 ਸਾਲਾਂ ਤੋਂ ਇਹ ਸਿਆਹੀ ਬਣਵਾ ਰਿਹਾ ਹੈ। ਹੁਣ ਤੋਂ ਇਹ ਕੰਪਨੀ ਲੱਖਾਂ ਬੋਤਲਾਂ ਸਿਆਹੀ ਚੋਣ ਕਮਿਸ਼ਨ ਨੂੰ ਸਪਲਾਈ ਕਰ ਚੁੱਕੀ ਹੈ। ਸਾਲ ਦਰ ਸਾਲ ਜਿੱਤਰਾਂ ਵੋਟਰਾਂ ਦੀ ਗਿਣਤੀ ਵਧ ਰਹੀ ਹੈ, ਉਵੇਂ ਇਸ ਸਿਆਹੀ ਦੀ ਮੰਗ ਵਿੱਚ ਵੀ ਇਜ਼ਾਫ਼ਾ ਹੋਇਆ ਹੈ।
ਸਿਆਹੀ ਕੀ ਕੀਮਤ
ਇਸ ਵਾਰ ਲੋਕ ਸਭਾ ਚੋਣਾਂ ਲਈ 7 ਪੜਾਵਾਂ ਵਿੱਚ ਵੋਟਾਂ ਪੈਣੀਆਂ ਹਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਚੋਣ ਕਮਿਸ਼ਨ ਨੂੰ ਸਿਆਹੀ ਦੀਆਂ 26 ਲੱਖ 6 ਹਜ਼ਾਰ ਸ਼ੀਸ਼ੀਆਂ ਦੀ ਲੋੜ ਪੈ ਸਕਦੀ ਹੈ। ਇੱਕ ਸ਼ੀਸ਼ੀ 10 ਮਿਲੀ ਗਰੀਮ ਦੀ ਹੁੰਦੀ ਹੈ ਤੇ ਇਸ ਨਾਲ ਕਰੀਬ 700 ਵੋਟਰਾਂ ਦੀਆਂ ਉਂਗਲਾਂ ‘ਤੇ ਨਿਸ਼ਾਨ ਲਾਇਆ ਜਾ ਸਕਦਾ ਹੈ।
ਇਸ ਵਾਰ ਇੱਕ ਸ਼ੀਸ਼ੀ ਦੀ ਕੀਮਤ 174 ਰੁਪਏ ਤੈਅ ਕੀਤੀ ਗਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਹ ਕੀਮਤ 160 ਰੁਪਏ ਪ੍ਰਤੀ ਬੋਤਲ ਸੀ।
ਇਕੱਲੇ ਭਾਰਤ ਹੀ ਨਹੀਂ, ਵਿਦੇਸ਼ ਵਿੱਚ ਵੀ ਮੈਸੂਰ ਦੀ ਇਹ ਸਿਆਹੀ ਬਹੁਤ ਅਹਿਮ ਮੰਨੀ ਜਾਂਦੀ ਹੈ। ਭਾਰਤ ਤੋਂ ਇਲਾਵਾ ਇੰਗਲੈਂਡ, ਤੁਰਕੀ, ਡੈਨਮਾਰਕ, ਮਲੇਸ਼ੀਆ, ਦੱਖਣ ਅਫ਼ਰੀਕਾ ਕੇ ਨੇਪਾਲ ਵਰਗੇ ਦੇਸ਼ਾਂ ਵਿੱਚ ਵੀ ਇਹ ਸਿਆਹੀ ਵਰਤੀ ਜਾਂਦੀ ਹੈ। ਇਸ ਕੰਪਨੀ ਨੂੰ ਵਿਦੇਸ਼ਾਂ ਤੋਂ ਮਾਰਕਰ ਵਾਲੀ ਸਿਆਹੀ ਬਣਾਉਣ ਦਾ ਵੀ ਆਫ਼ਰ ਆਇਆ ਹੋਇਆ ਹੈ।