ਸੰਗਰੂਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐੱਫ.ਸੀ.ਆਈ. ਦੇ ਡਾਇਰੈਕਟਰ ਸੀਨੀਅਰ ਭਾਜਪਾ ਆਗੂ ਜੀਵਨ ਕੁਮਾਰ ਗਰਗ ਦੇ ਸਰਕਾਰੀ ਗੰਨਮੈਨ ਦੀ ਭੇਤ ਭਰੇ ਹਾਲਾਤਾਂ ’ਚ ਉਸ ਦੀ ਨਿੱਜੀ ਗੱਡੀ ’ਚ ਲਾਸ਼ ਪ੍ਰਾਪਤ ਹੋਈ ਹੈ। ਪੁਲਿਸ ਇਹ ਘਟਨਾ ਸ਼ੱਕੀ ਹਾਲਾਤ ’ਚ ਹੋਣ ਦੀ ਗੱਲ ਕਹਿ ਰਹੀ ਹੈ। ਨਵਜੋਤ ਸਿੰਘ ਮਾਲਵਾ ਇਨਕਲੇਵ, ਭਾਦਸੋਂ ਰੋਡ, ਪਟਿਆਲਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਅੱਜ ਜਦੋਂ ਉਹ ਆਪਣੀ ਸਕਾਰਪੀਓ ਕਾਰ ਵਿੱਚ ਪਟਿਆਲਾ ਤੋਂ ਭਵਾਨੀਗੜ੍ਹ ਜਾ ਰਿਹਾ ਸੀ ਤਾਂ ਕੁਝ ਕਿਲੋਮੀਟਰ ਬਾਅਦ ਉਸ ਦੀ ਸਕਾਰਪੀਓ ਗੱਡੀ ਪਿੰਡ ਧਬਲਾਨ ਦੇ ਟੀ-ਪੁਆਇੰਟ ’ਤੇ ਰੁਕੀ ਤਾਂ ਉਸ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਦੇ ਮੱਥੇ ‘ਤੇ ਗੋਲੀ ਦਾ ਨਿਸ਼ਾਨ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪਸਿਆਣਾ ਦੇ ਐਸਐਚਓ ਇੰਸਪੈਕਟਰ ਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਇਆ।
ਇਸ ਦੌਰਾਨ ਭਾਜਪਾ ਆਗੂ ਜੀਵਨ ਗਰਗ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਰਾਤ 11 ਵਜੇ ਉਨ੍ਹਾਂ ਨੂੰ ਨਵਜੋਤ ਸਿੰਘ ਦੀ ਮਾਤਾ ਦਾ ਫੋਨ ਆਇਆ ਕਿ ਉਸ ਦੇ ਲੜਕੇ ਦੀ ਭਵਾਨੀਗੜ੍ਹ ਜਾਂਦੇ ਸਮੇਂ ਕਾਰ ਵਿੱਚ ਮੌਤ ਹੋ ਗਈ ਹੈ। ਗਰਗ ਨੇ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਨੇ ਐਸਐਸਪੀ ਸੰਗਰੂਰ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਨਵਜੋਤ ਸਿੰਘ ਕੁਝ ਮਹੀਨੇ ਪਹਿਲਾਂ ਉਸ ਦੇ ਨਾਲ ਸੁਰੱਖਿਆ ਗਾਰਡ ਦੀ ਡਿਊਟੀ ‘ਤੇ ਆਇਆ ਸੀ। ਪਸਿਆਣਾ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।