ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਰਾਜਪਾਲ ਨੇ ਪਹਿਲੀ ਦਫ਼ਾ ਇਹ ਰਿਪੋਰਟ ਮੰਗੀ ਹੈ, ਜਿਸ ਤੋਂ ਕਈ ਨਵੇਂ ਸਿਆਸੀ ਸੰਕੇਤ ਵੀ ਮਿਲ ਰਹੇ ਹਨ।
ਰਾਜਪਾਲ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਬਾਰੇ ਕਾਰਵਾਈ ਰਿਪੋਰਟ ਮੰਗੀ ਹੈ, ਜਿਸ ਸਬੰਧੀ ਸੂਬਾ ਸਰਕਾਰ ਨੇ ਤਿਆਰੀ ਵਿੱਢ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨੀਂ ਪ੍ਰਾਈਵੇਟ ਗਰੁੱਪ ਨਾਲ ਮਿਲ ਕੇ ਬੁੱਢੇ ਨਾਲੇ ਦੀ ਸਫ਼ਾਈ ਬਾਰੇ ਤਿੰਨ ਪੜਾਵੀ ਰਣਨੀਤੀ ਵੀ ਬਣਾਈ ਸੀ। ਹੁਣ ਰਿਪੋਰਟ ਮੰਗੇ ਜਾਣ ਪਿੱਛੋਂ ਹਿਲਜੁਲ ਸ਼ੁਰੂ ਹੋਈ ਹੈ।
ਰਾਜਸਥਾਨ ਦੇ ਰਾਜਪਾਲ ਹਰੀਭਾਉ ਬਾਗਡੇ ਨੇ ਸਤਲੁਜ ਦਰਿਆ ਜ਼ਰੀਏ ਰਾਜਸਥਾਨ ਵਿੱਚ ਪੁੱਜ ਰਹੇ ਦੂਸ਼ਿਤ ਪਾਣੀ ਬਾਰੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ ਹੈ ਅਤੇ ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਬਾਰੇ ਉਠਾਏ ਸਵਾਲਾਂ ਦਾ ਵੇਰਵਾ ਵੀ ਪੱਤਰ ਨਾਲ ਨੱਥੀ ਕੀਤਾ ਗਿਆ ਸੀ।
ਰਾਜਸਥਾਨ ਦੇ ਰਾਜਪਾਲ ਨੇ ਸੂੁਬੇ ਦੇ ਸੰਯੁਕਤ ਕਿਸਾਨ ਮੋਰਚਾ ਗੰਗਾਨਗਰ ਦਾ ਪੱਤਰ ਵੀ ਭੇਜਿਆ ਹੈ। ਮੁੱਖ ਤੌਰ ’ਤੇ ਸਤਲੁਜ ਦਰਿਆ ਵਿਚ ਸ਼ਹਿਰਾਂ ਦੇ ਪੈਂਦੇ ਦੂਸ਼ਿਤ ਪਾਣੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਲੁਧਿਆਣਾ, ਜਲੰਧਰ, ਫਗਵਾੜਾ ਅਤੇ ਰੋਪੜ ਸ਼ਹਿਰਾਂ ਦੇ ਪਾਣੀ ਦੀ ਨਿਕਾਸੀ ਸਤਲੁਜ ਦਰਿਆ ਵਿੱਚ ਹੋਣ ਦੀ ਗੱਲ ਆਖੀ ਗਈ ਹੈ।
ਰਾਜਸਥਾਨ ਦੇ ਰਾਜਪਾਲ ਨੇ ਲਿਖਿਆ ਹੈ ਕਿ ਸਤਲੁਜ ਦਾ ਪਾਣੀ ਪੱਛਮੀ ਬੀਕਾਨੇਰ ਦੇ ਦਰਜਨ ਜ਼ਿਲ੍ਹਿਆਂ ਵਿੱਚ ਕਹਿਰ ਢਾਹ ਰਿਹਾ ਹੈ ਅਤੇ ਕੈਂਸਰ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ। ਦੂਸ਼ਿਤ ਪਾਣੀ ਬਾਰੇ ਰਾਜਸਥਾਨ ਵਿੱਚ ਹੋ ਰਹੇ ਕਿਸਾਨ ਅੰਦੋਲਨਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ।
ਇਸੇ ਆਧਾਰ ’ਤੇ ਪੰਜਾਬ ਦੇ ਰਾਜਪਾਲ ਨੇ ਸੂਬਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਰਾਜਸਥਾਨ ਵਿੱਚ ਪਹਿਲਾਂ ਵੀ ਇਹ ਮੁੱਦਾ ਕਾਫ਼ੀ ਵਾਰ ਉੱਠਿਆ ਹੈ ਕਿ ਪੰਜਾਬ ਦਾ ਦੂਸ਼ਿਤ ਪਾਣੀ ਨਹਿਰਾਂ ਜ਼ਰੀਏ ਰਾਜਸਥਾਨ ਪਹੁੰਚ ਰਿਹਾ ਹੈ। ਰਾਜਸਥਾਨ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾ ਚੁੱਕਾ ਹੈ। ਬੁੱਢੇ ਨਾਲੇ ਦਾ ਪਾਣੀ ਅੱਗੇ ਰਾਜਸਥਾਨ ਨਹਿਰ ਤੱਕ ਪੁੱਜਦਾ ਹੈ।