ਉਤਰਾਖੰਡ : ਸਿੱਖ ਧਰਮ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸਵੇਰੇ ਪੂਰੀ ਮਰਿਆਦਾ ਨਾਲ ਸੰਗਤ ਲਈ ਖੋਲ੍ਹੇ ਗਏ ਹਨ। ਅੱਜ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ ਅਤੇ ਕੀਰਤਨ ਆਰੰਭ ਹੋਇਆ।
ਇਸ ਮੌਕੇ ਪ੍ਰਸ਼ਾਸਨ ਨੇ ਵੀ ਸੰਗਤਾਂ ਦੀ ਆਮਦ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਹਨ ਤੇ ਯਾਤਰਾ ਦੇ ਦੌਰਾਨ ਸੰਗਤਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਕੀਤੀ ਗਈ ਹੈ। ਸ਼ਰਧਾਲੂਆਂ ਦਾ ਜਥਾ ਸਵੇਰੇ ਗੋਬਿੰਦ ਧਾਮ ਤੋਂ ਰਵਾਨਾ ਹੋਇਆ ਅਤੇ ਬੈਂਡ ਵਾਜਿਆਂ ਦੀਆਂ ਧੁੰਨਾਂ ਤੇ ਕੀਰਤਨ ਦੀ ਆਵਾਜ਼ ਵਿੱਚ ਸ੍ਰੀ ਹੇਮਕੁੰਟ ਸਾਹਿਬ ਪਹੁੰਚਿਆ । ਸੰਗਤ ਨੇ ਸ਼੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਇਸ਼ਨਾਨ ਕਰਕੇ ਦਰਸ਼ਨ ਗੁਰੂਘਰ ਦੇ ਦਰਸ਼ਨ ਕੀਤੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਵੇਲੇ ਸਾਰੇ ਪਾਸੇ ਬਹੁਤ ਸੁੰਦਰ ਸਜਾਵਟਾਂ ਵੀ ਕੀਤੀਆਂ ਗਈਆਂ ਸਨ।
ਬਰਫ ਹਟਾਉਣ ਦੇ ਪ੍ਰਬੰਧ ਕੁਝ ਦਿਨ ਪਹਿਲਾਂ ਸ਼ੁਰੂ ਕੀਤੇ ਗਏ ਸਨ ਅਤੇ ਅਜੇ ਵੀ ਕਾਫੀ ਹੱਦ ਤੱਕ ਬਰਫ ਹਟਾਈ ਜਾ ਰਹੀ ਹੈ ਅਤੇ ਪ੍ਰਸ਼ਾਸਨ ਨੇ ਵੀ ਸੰਗਤਾਂ ਨੂੰ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਖਾਸ ਗੱਲ ਇਹ ਹੈ ਕਿ ਖ਼ਰਾਬ ਮੌਸਮ ਅਤੇ ਅੱਤ ਦੀ ਠੰਢ ਕਾਰਨ ਸ਼ਰਧਾਲੂਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਦੇ ਨਾਲ ਤੁਰਨ ਵੇਲੇ ਉੱਪਰ ਚੜ੍ਹਨ ਦੀ ਸਖ਼ਤ ਮਨਾਹੀ ਹੈ ਅਤੇ ਸੰਗਤਾਂ ਨੂੰ ਦਰਸ਼ਨ ਕਰਕੇ ਵਾਪਸ ਪਰਤਣਾ ਪਵੇਗਾ।
ਇਹ ਯਾਤਰੀ ਹੇਮਕੁੰਟ ਸਾਹਿਬ ਨਹੀਂ ਜਾ ਸਕਣਗੇ
ਦੱਸ ਦੇਈਏ ਕਿ 60 ਸਾਲ ਤੋਂ ਵੱਧ ਉਮਰ ਦੇ ਬਿਮਾਰ ਲੋਕ ਹੇਮਕੁੰਟ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਣਗੇ। ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ‘ਤੇ ਅਜਿਹੇ ਯਾਤਰੀਆਂ ਨੂੰ ਰਿਸ਼ੀਕੇਸ਼ ‘ਚ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਰੋਕਿਆ ਜਾਵੇਗਾ। ਹਾਲਾਂਕਿ ਅਜਿਹੇ ਯਾਤਰੀਆਂ ਨੂੰ ਹੇਮਕੁੰਟ ਸਾਹਿਬ ਵਿਖੇ ਬਰਫ ਪਿਘਲਣ ਤੋਂ ਬਾਅਦ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।