Punjab

ਮਾਨ ਸਰਕਾਰ ਦਾ ਚੌਥਾ ਵਿਸਥਾਰ , ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਬਣੇ ਮੰਤਰੀ

The fourth expansion of the Mann government, Gurmeet Singh Khudian and Balkar Singh became ministers

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦਾ ਅੱਜ ਚੌਥੀ ਵਾਰ ਵਿਸਥਾਰ ਹੋਇਆ ਹੈ। ਭਗਵੰਤ ਮਾਨ ਨੇ ਕਰਤਾਰਪੁਰ ਤੋਂ ਵਿਧਾਇਕ ਸਾਬਕਾ ਡੀਸੀਪੀ ਬਲਕਾਰ ਸਿੰਘ ਅਤੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਰਾਜ ਭਵਨ ਵਿੱਚ ਦੋਵਾਂ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਦੁਆਬਾ ਖੇਤਰ ਤੋਂ ਬ੍ਰਹਮਸ਼ੰਕਰ ਜ਼ਿੰਪਾ ਤੋਂ ਬਾਅਦ ਬਲਕਾਰ ਸਿੰਘ ਦੂਜੇ ਮੰਤਰੀ ਹਨ। ਇਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਹੋ ਸਕਦਾ ਹੈ।

ਦੂਜੇ ਪਾਸੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਗਵੰਤ ਮਾਨ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਜਿਸ ਨੂੰ ਮੁੱਖ ਮੰਤਰੀ ਨੇ ਅੱਗੇ ਪ੍ਰਵਾਨਗੀ ਲਈ ਰਾਜਪਾਲ ਨੂੰ ਭੇਜ ਦਿੱਤਾ ਸੀ।

ਮਨਜ਼ੂਰੀ ਤੋਂ ਬਾਅਦ ਨਵੇਂ ਮੰਤਰੀਆਂ ਦੀ ਸਹੁੰ ਚੁੱਕਣ ਲਈ ਰਾਜਪਾਲ ਤੋਂ ਸਮਾਂ ਲਿਆ ਗਿਆ ਸੀ। ਮੀਡੀਆ ਵੱਚ ਦੱਸਿਆ ਜਾ ਰਿਹਾ ਹੈ ਕਿ ਨਿੱਝਰ ਨੇ ਸਰਕਾਰ ਵੱਲੋਂ ਵਿਜੀਲੈਂਸ ਜਾਂਚ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਰਸੀ ਗਵਾਉਣੀ ਪਈ।

ਨਿੱਝਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 15 ਮਹੀਨਿਆਂ ਵਿੱਚ ਕੁਰਸੀ ਗੁਆਉਣ ਵਾਲੇ ਤੀਜੇ ਮੰਤਰੀ ਹਨ। ਇਸ ਤੋਂ ਪਹਿਲਾਂ ਡਾ: ਵਿਜੇ ਸਿੰਗਲਾ ਅਤੇ ਫ਼ੌਜਾ ਸਿੰਘ ਸਰਾਰੀ ਨੂੰ ਹਟਾਇਆ ਜਾ ਚੁੱਕਾ ਹੈ।

ਦੱਸ ਦਈਏ ਕਿ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼ਾਨਦਾਰ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਜ਼ਿਮਨੀ ਚੋਣਾਂ ਵਿੱਚ ਨਾ ਸਿਰਫ਼ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚੋਂ ਸਭ ਤੋਂ ਵੱਧ ਲੀਡ ਮਿਲੀ, ਸਗੋਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਕਾਬਲਾ ਕਰਨ ਦਾ ਇਨਾਮ ਵੀ ਮਿਲਿਆ। ਮਜੀਠੀਆ ਨੇ ਬਲਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ ਪਰ ਬਲਕਾਰ ਨੇ ਜ਼ੋਰਦਾਰ ਮੁਕਾਬਲਾ ਕੀਤਾ।

ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਲ੍ਹੇ ਨੂੰ ਧੂਹ ਕੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੰਤਰੀ ਦਾ ਅਹੁਦਾ ਹਾਸਲ ਕੀਤਾ ਹੈ। ਖੁੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਉਨ੍ਹਾਂ ਦੇ ਹੀ ਹਲਕੇ ਲੰਬੀ ਦੀ ਸੀਟ ਤੋਂ ਹਰਾ ਕੇ ਅਸੰਭਵ ਨੂੰ ਸੰਭਵ ਬਣਾ ਕੇ ਇਤਿਹਾਸ ਰਚਿਆ ਹੈ।

ਕੈਬਨਿਟ ਦੇ ਮਾਪਦੰਡਾਂ ਮੁਤਾਬਕ ਪੰਜਾਬ ਵਿੱਚ ਸੀਟਾਂ ਦੇ ਹਿਸਾਬ ਨਾਲ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ ਪਰ ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 15 ਕੈਬਨਿਟ ਮੰਤਰੀ ਹਨ। ਹੁਣ ਵੀ ਮੰਤਰੀ ਨਿੱਝਰ ਦੇ ਅਸਤੀਫੇ ਅਤੇ 2 ਮੰਤਰੀਆਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੇ ਬਾਵਜੂਦ 2 ਮੰਤਰੀਆਂ ਦੇ ਅਹੁਦੇ ਖਾਲੀ ਰਹਿਣਗੇ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਇਨ੍ਹਾਂ ਨੂੰ ਭਰ ਸਕਦੀ ਹੈ।

ਵਿਧਾਨ ਸਭਾ ਚੋਣਾਂ ਵਿੱਚ ਮਾਝਾ ਖੇਤਰ ਨੇ 25 ਵਿੱਚੋਂ 16 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾ ਦਿੱਤੀਆਂ ਸਨ। ਇਸੇ ਤਹਿਤ ਸਰਕਾਰ ਵਿੱਚ ਪੰਜ ਮੰਤਰੀਆਂ ਨੂੰ ਥਾਂ ਦਿੱਤੀ ਗਈ ਸੀ। ਪਰ ਹੁਣ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਅਸਤੀਫੇ ਤੋਂ ਬਾਅਦ ਮਾਨ ਸਰਕਾਰ ਨੇ ਮਾਝੇ ਵਿੱਚੋਂ ਕੋਈ ਮੰਤਰੀ ਨਹੀਂ ਬਣਾਇਆ ਸਗੋਂ ਦੋਆਬੇ ਵਿੱਚੋਂ ਮੰਤਰੀ ਨੂੰ ਨਿਯੁਕਤ ਕੀਤਾ ਹੈ।

ਮੌਜੂਦਾ ਦੌਰ ‘ਚ ਮਾਝੇ ‘ਚੋਂ ਹੁਣ ਚਾਰ ਮੰਤਰੀ ਰਹਿ ਗਏ ਹਨ, ਜਦਕਿ 69 ‘ਚੋਂ 66 ਸੀਟਾਂ ਦੇਣ ਵਾਲੇ ਮਾਲਵਾ ਖੇਤਰ ‘ਚ ਇਕ ਮੰਤਰੀ ਦੇ ਵਾਧੇ ਕਾਰਨ ਹੁਣ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਗਿਣਤੀ 10 ਹੋ ਗਈ ਹੈ। ਇਸੇ ਤਰ੍ਹਾਂ ਹੁਣ ਸੱਤਾਧਾਰੀ ਪਾਰਟੀ ਨੂੰ 18 ਵਿੱਚੋਂ 9 ਸੀਟਾਂ ਦੇਣ ਵਾਲੇ ਦੋਆਬੇ ਨੂੰ 2 ਮੰਤਰੀ ਮਿਲ ਗਏ ਹਨ।