Punjab

ਮੁੱਖ ਮੰਤਰੀ ਮਾਨ ਨੂੰ ਭੇਜੀ ਰਾਜਪਾਲ ਨੇ ਖਹਿਰਾ ਵਲੋਂ ਸੌਂਪੀ ਵੀਡੀਓ ਦੀ ਫੋਰੈਂਸਿਕ ਰਿਪੋਰਟ

ਚੰਡੀਗੜ੍ਹ : ਕਾਂਗਰਸੀ ਆਗੂ ਸੁਖਪਾਲ ਖਹਿਰਾ ਵੱਲੋਂ ਰਾਜਪਾਲ ਪੰਜਾਬ ਨੂੰ ਸੌਂਪੀ ਗਈ ਵੀਡੀਓ ਦੀ ਫੋਰੈਂਸਿਕ ਰਿਪੋਰਟ  ਆ ਗਈ ਹੈ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜ ਦਿੱਤਾ ਹੈ।

ਰਾਜਪਾਲ ਨੇ ਡੀਜੀਪੀ ਚੰਡੀਗੜ੍ਹ ਨੂੰ ਇਸ ਵੀਡੀਓ ਦੀ ਫਾਰੈਂਸਿਕ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਸੀ ।  ਇਹ ਵੀ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਚੰਡੀਗੜ੍ਹ ਪੁਲਿਸ ਨੇ ਜੋ ਫੋਰੈਂਸਿਕ ਰਿਪੋਰਟ ਸੌਂਪੀ ਹੈ, ਉਸ ਮੁਤਾਬਕ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਤੇ ਵੀਡੀਓ ਅਸਲੀ ਹੈ।

ਦੱਸਣਯੋਗ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਹ ਵੀਡੀਓ ਪਿਛਲੇ ਦਿਨੀਂ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀ ਸੀ ਤੇ ਚੰਡੀਗੜ੍ਹ ਪੁਲਿਸ ਤੋਂ ਇਸ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਆਪਣੀ ਸ਼ਿਕਾਇਤ ਰਾਜਪਾਲ ਨੂੰ ਸੌਂਪਣ ਤੋਂ ਬਾਅਦ ਉਹਨਾਂ ਆਪਣੇ ਦਾਅਵੇ ਬਾਰੇ ਖੁਲਾਸਾ ਨਹੀਂ ਕੀਤਾ ਸੀ ਕਿ ਪੰਜਾਬ ਦੇ ਕਿਸ ਕੈਬਨਿਟ ਮੰਤਰੀ ਦੀ ਵੀਡੀਓ ਉਹਨਾਂ ਰਾਜਪਾਲ ਨੂੰ ਸੌਂਪੀ ਹੈ।

ਕਾਂਗਰਸੀ ਆਗੂ ਵੱਲੋਂ ਵੀਡੀਓ ਸੌਂਪਣ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਕ ਲੜਕੇ ਦੀ ਵੀਡੀਓ ਟਵੀਟ ਕੀਤੀ ਸੀ,ਜਿਸ ਬਾਰੇ ਉਹਨਾਂ ਦਾਅਵਾ ਕੀਤਾ ਸੀ ਕਿ ਉਕਤ ਲੜਕਾ ਪੀੜਤ ਹੈ,ਜਿਸਦਾ ਜਿਣਸੀ ਸੋਸ਼ਣ ਕੀਤਾ ਗਿਆ। ਇਸ ਮਾਮਲੇ ਨੂੰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਚੁੱਕਿਆ ਸੀ । ਹਾਲਾਂਕਿ ਇਸ ਵੀਡੀਓ ਬਾਰੇ ਹਾਲੇ ਤੱਕ ਪੱਕਾ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਇਸ ਵਿੱਚ ਪੰਜਾਬ ਦੇ ਕਿਹੜੇ ਕੈਬਨਿਟ ਮੰਤਰੀ ਦੀ ਗੱਲ ਹੋ ਰਹੀ ਹੈ ਪਰ ਪੰਜਾਬ ਦੇ ਜਲੰਧਰ ਹਲਕੇ ਵਿੱਚ ਜ਼ਿਮਨੀ ਚੋਣਾਂ ਨੇੜੇ ਹੋਣ ਕਾਰਣ ਇਸ ਨਾਲ ਸਿਆਸੀ ਤੌਰ ‘ਤੇ ਉਥਲ-ਪੁਥਲ ਹੋ ਸਕਦੀ ਹੈ ਤੇ ਇਸ ਸਾਰੀ ਕਾਰਵਾਈ ਦਾ ਅਸਰ ਪੈ ਸਕਦਾ ਹੈ।