Punjab

ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗਾ ਪਹਿਲਾ ਸਰਕਾਰੀ ਰੇਤਾ ਤੇ ਬਜਰੀ ਵਿਕਰੀ ਕੇਂਦਰ, ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ ਉਦਘਾਟਨ

first government sand and gravel sales center

‘ਦ ਖ਼ਾਲਸ ਬਿਊਰੋ : ਪੰਜਾਬ ਵਿਚ ਪਹਿਲਾ ਸਰਕਾਰੀ ਰੇਤਾ ਤੇ ਬਜਰੀ ਵਿਕਰੀ ਕੇਂਦਰ ਅੱਜ ਮੁਹਾਲੀ ਵਿਚ ਸ਼ੁਰੂ ਹੋਵੇਗਾ ਜਿਸਦਾ ਉਦਘਾਟਨ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ। ਹਰਜੋਤ ਬੈਂਸ ਨੇ ਦੱਸਿਆ ਕਿ ਮੁਹਾਲੀ ਵਿਚਲੇ ਇਸ ਕੇਂਦਰ ’ਤੇ ਸਰਕਾਰੀ ਰੇਟ ’ਤੇ ਲੋਕਾਂ ਨੂੰ ਰੇਤਾ ਤੇ ਬਜਰੀ ਮਿਲਿਆ ਕਰਨਗੇ ਤੇ ਇਹਨਾਂ ਦੀ ਸਪਲਾਈ ਸਰਕਾਰੀ ਖੱਡਾਂ ਤੋਂ ਇਸ ਕੇਂਦਰ ਤੱਕ ਕੀਤੀ ਜਾਵੇਗੀ।

ਪੰਜਾਬ ‘ਚ ਰੇਤਾ ਬੱਜਰੀ ਦੇ ਭਾਅ ਅਸਮਾਨੀ ਚੜ੍ਹਨ ਕਾਰਨ ਵੱਡੀ ਪੱਧਰ ‘ਤੇ ਵਿਕਾਸ ਕਾਰਜ ਰੁਕ ਗਏ ਸਨ ਜਿਸ ਕਾਰਨ ਰੇਤੇ ਬੱਜਰੀ ਨਾਲ ਜੁੜਿਆ ਹਰ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ ਪਰ ਹੁਣ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਇੱਕ ਉਮੀਦ ਜਾਗੀ ਹੈ। ਹੁਣ ਪੰਜਾਬ ਸਰਕਾਰ ਨੇ ਮਾਈਨਿੰਗ ਮਾਫੀਆ ‘ਤੇ ਸ਼ਿਕੰਜਾ ਕੱਸਦਿਆਂ ਰੇਤਾ-ਬੱਜਰੀ ਵਿਕਰੀ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਹੈ।

ਪੰਜਾਬ ਸਰਕਾਰ ਅੱਜ ਮੋਹਾਲੀ ਵਿੱਚ ਪਹਿਲਾ ਵਿਕਰੀ ਕੇਂਦਰ ਖੋਲ੍ਹਣ ਜਾ ਰਹੀ ਹੈ, ਜਿਸ ਵਿੱਚ ਰੇਤਾ-ਬੱਜਰੀ ਵੇਚਣ ਦਾ ਕੰਮ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਇਸ ਕਦਮ ਨਾਲ ਜਿੱਥੇ ਇੱਕ ਪਾਸੇ ਰੇਤਾ-ਬੱਜਰੀ ਦੀਆਂ ਵਧਦੀਆਂ ਕੀਮਤਾਂ ‘ਤੇ ਲਗਾਮ ਲੱਗੇਗੀ, ਉੱਥੇ ਹੀ ਰੇਤ ਮਾਫ਼ੀਆ ‘ਤੇ ਵੀ ਕਾਬੂ ਪਾਇਆ ਜਾ ਸਕੇਗਾ ਤੇ ਪੰਜਾਬ ਦੇ ਲੋਕਾਂ ਨੂੰ ਰੇਤ ਆਸਾਨੀ ਨਾਲ ਮਿਲ ਸਕੇਗੀ।

ਇਹ ਜਾਣਕਾਰੀ ਖਣਨ ਮੰਤਰੀ ਹਰਜੋਤ ਬੈਂਸ ਨੇ ਇੱਕ ਟਵੀਟ ਰਾਹੀਂ ਦਿੱਤੀ ਹੈ। ਉਹਨਾਂ ਕਿਹਾ ਹੈ ਕਿ “ਪੰਜਾਬ ਵਿੱਚ ਮਾਈਨਿੰਗ ਮਾਫੀਆ ਦਾ ਅੰਤ…ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਰੇਤਾ-ਬੱਜਰੀ ਦੀ ਵਿਕਰੀ ਕੇਂਦਰ ਦਾ ਮੋਹਾਲੀ ‘ਚ ਉਦਘਾਟਨ ਕਰਨ ਜਾ ਰਹੇ ਹਨ, , ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਸਰਕਾਰ ਵੱਲੋਂ ਮਾਈਨਿੰਗ ਮਾਫੀਆ ਨੂੰ ਖਤਮ ਕਰਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ।”

ਵਿਕਰੀ ਕੇਂਦਰਾਂ ‘ਤੇ ਸਮੱਗਰੀ ਦੀ ਕੀਮਤ ਵੀ ਸੂਬਾ ਸਰਕਾਰ ਵੱਲੋਂ ਤੈਅ ਕੀਤੀ ਗਈ ਹੈ। ਇਹ ਵਿਕਰੀ ਕੇਂਦਰ ਈਕੋ ਸਿਟੀ, ਨਿਊ ਚੰਡੀਗੜ੍ਹ ਐਸ.ਏ.ਐਸ. ਨਗਰ (ਮੁਹਾਲੀ) ਵਿਚ ਖੋਲ੍ਹਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਸਾਲ 2018 ਵਿਚ ਬਣਾਈ ਗਈ ਰੇਤ ਅਤੇ ਬੱਜਰੀ ਮਾਈਨਿੰਗ ਨੀਤੀ ਦੇ ਅਨੁਸਾਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਰਾਜ ਨੂੰ ਸਾਲਾਨਾ ਆਧਾਰ ‘ਤੇ ਲਗਭਗ 350 ਲੱਖ ਟਨ ਨਿਰਮਾਣ ਸਮੱਗਰੀ ਦੀ ਲੋੜ ਹੈ।

ਯਾਦ ਰਹੇ ਕਿ ਪੰਜਾਬ ਵਿਚ ਇਸ ਵੇਲੇ ਰੇਤੇ ਤੇ ਬਜਰੀ ਦੀਆਂ ਕੀਮਤਾਂ ਅਸਮਾਨੀਂ ਛੂਹ ਰਹੀਆਂ ਹਨ ਤੇ ਇਸ ਕਾਰਨ ਆਪ ਸਰਕਾਰ ਵੀ ਨਿਸ਼ਾਨੇ ’ਤੇ ਰਹੀ ਹੈ ਕਿਉਂਕਿ ਚੋਣਾਂ ਵੇਲੇ ਆਪ ਨੇ ਦਾਅਵਾ ਕੀਤਾ ਸੀ ਕਿ ਗੈਰ ਕਾਨੂੰਨੀ ਮਾਇਨਿੰਗ ਨੂੰ ਨਕੇਲ ਪਾਈ ਜਾਵੇਗੀ ਤੇ ਰੇਤਾ ਤੇ ਬਜਰੀ ਸਸਤੇ ਕੀਤੇ ਜਾਣਗੇ ਪਰ ਅਜਿਹਾ ਹੋ ਨਹੀਂ ਸਕਿਆ। ਅਜਿਹੇ ਵਿਚ ਨਵਾਂ ਸਰਕਾਰੀ ਕੇਂਦਰ ਖੁੱਲ੍ਹਣ ’ਤੇ ਲੋਕਾਂ ਦੀ ਨਜ਼ਰ ਹੈ ਕਿ ਇਸਦੀ ਕਾਰਗੁਜ਼ਾਰੀ ਕਿਸ ਤਰੀਕੇ ਦੀ ਰਹੇਗੀ।