Punjab

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ‘ਚ ਮੁਲਜ਼ਮ ਦੇ ਪਿਤਾ ਦਾ ਗੋਲੀਆਂ ਮਾਰ ਕੇ ਕੀਤਾ ਕਤਲ

‘ਦ ਖ਼ਾਲਸ ਬਿਊਰੋ ( ਬਠਿੰਡਾ ) :-  ਪਿੰਡ ਭਗਤਾ ਭਾਈ ਦੇ ਵਸਨੀਕ ਅਤੇ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦਾ  2 ਅਣਪਛਾਤੇ ਮੁਲਜ਼ਮਾਂ ਸਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਹਨ, ਮਨੋਹਰ ਲਾਲ ਨੂੰ ਅਦੇਸ਼ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉੱਥੇ ਮਨੋਹਲ ਲਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮਨੋਹਰ ਲਾਲ ਡੇਰਾ ਸਿਰਸਾ ਦੀ 25 ਮੈਂਬਰੀ ਕਮੇਟੀ ਦਾ ਮੈਂਬਰ ਸੀ।

ਬਠਿੰਡਾ ਦੇ SSP ਭੁਪਿੰਦਰਜੀਤ ਸਿੰਘ ਵਿਰਕ ਦੀ ਜਾਣਕਾਰੀ ਮੁਤਾਬਿਕ ਮਨੋਹਰ ਲਾਲ ਆਪਣੇ 2 ਵਰਕਰਾਂ ਦੇ ਨਾਲ ਮਨੀ ਐਕਸਚੇਂਜ ਦੀ ਦੁਕਾਨ ‘ਤੇ ਸੀ ਜਦੋਂ 2 ਅਣਪਛਾਤੇ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾਇਆ ਅਤੇ ਮੁਲਜ਼ਮਾਂ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਹਨ।

ਮਨੋਹਰ ਲਾਲ ਦੇ ਪੁੱਤਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ

ਮ੍ਰਿਤਕ ਮਨੋਹਰ ਲਾਲ ਦੇ ਪੁੱਤਰ ਜਤਿੰਦਰ ਸਿੰਘ ਅਰੋੜਾ ਨੂੰ ਪੰਜਾਬ ਪੁਲਿਸ ਦੀ SIT ਟੀਮ ਨੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਮਲੇਸ਼ੀਆ ਤੋਂ ਆਪਣੀ ਪਤਨੀ ਦੇ ਨਾਲ ਵਾਪਸ ਆ ਰਿਹਾ ਸੀ ਜਿਸ ਤੋਂ ਬਾਅਦ ਮੁਲਜ਼ਮ ਜਤਿੰਦਰ ਸਿੰਘ ਅਰੋੜਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਫਿਲਹਾਲ ਉਹ ਜ਼ਮਾਨਤ ਤੇ ਬਾਹਰ ਹੈ।

ਇਸ ਤਰ੍ਹਾਂ ਹੋਈ ਸੀ ਬੇਅਦਬੀ ਦੀ ਵਾਰਦਾਤ

ਦੱਸਣਯੋਗ ਹੈ ਕਿ 2 ਜੂਨ 2015 ਵਿੱਚ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਮਾਮਲੇ ਵਿੱਚ FIR ਦਰਜ ਹੋਈ ਸੀ, ਜੋ ਕਿ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਇਆ ਸੀ ,12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬਰਗਾੜੀ ਵਿੱਚ ਬੇਅਦਬੀ ਕਰ ਦਿੱਤੀ ਗਈ ਸੀ, ਜਿਸ ਦੇ ਖਿਲਾਫ਼ ਪ੍ਰਦਰਸ਼ਨ ਹੋਇਆ ਸੀ ਅਤੇ 14 ਅਕਤੂਬਰ ਨੂੰ ਬਹਿਬਲਕਲਾਂ ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।

20 ਅਕਤੂਬਰ ਨੂੰ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਹੋਈ ਸੀ, ਉਸ ਦੇ 157 ਅੰਗਾਂ ਨੂੰ ਪੁਲਿਸ ਨੇ ਪਿੰਡ ਦੇ ਵੱਖ-ਵੱਖ ਹਿੱਸਿਆਂ ਤੋਂ ਬਰਾਮਦ ਕੀਤੇ ਸਨ।