Punjab

ਕਿਸਾਨਾਂ ਨੇ ਧਰਨੇ ਵਾਲੀ ਥਾਂ ‘ਤੇ ਕੀਤਾ ਯਾਦ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ

ਅੰਮ੍ਰਿਤਸਰ : ਮਿਤੀ 28/12/2022 ਨੂੰ ਦਸਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਜਿਥੇ ਸਾਰੀ ਦੁਨੀਆ ਵਿੱਚ ਮਨਾਏ ਜਾ ਰਹੇ ਹਨ,ਉਥੇ ਪੰਜਾਬ ਦੇ ਟੋਲ ਪਲਾਜ਼ਿਆਂ ‘ਤੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਵੀ ਸ਼ਹੀਦੀ ਦਿਹਾੜਿਆਂ ‘ਤੇ ਸਮਾਗਮ ਦਾ ਆਯੋਜਨ ਕੀਤਾ ਹੈ। ਅੱਜ ਜਿਲ੍ਹਾ ਅੰਮ੍ਰਿਤਸਰ ਵਿਚ ਡੀਸੀ ਦਫਤਰ ਮੋਰਚੇ ਅਤੇ 3 ਟੋਲ ਪਲਾਜ਼ਿਆਂ ‘ਤੇ ਲੱਗੇ ਮੋਰਚਿਆਂ ਸਮੇਤ 10 ਜਿਲ੍ਹਿਆਂ ਵਿਚ 27 ਮੋਰਚਿਆਂ ‘ਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਏ ਗਏ ਹਨ| ਇਹ ਜਾਣਕਾਰੀ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਬੰਧਕੀ ਕੰਪਲੈਕ੍ਸ ਤੇ ਲੱਗੇ ਮੋਰਚੇ ਤੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਨੇ ਦਿੱਤੀ ਹੈ ਤੇ ਦੱਸਿਆ ਕਿ ਅੱਜ ਲੋਕਤੰਤਰ ਹੋਣ ਦੇ ਬਾਵਜੂਦ ਵੀ ਸਰਕਾਰਾਂ ਦਾ ਰਵਈਆ ਉਸ ਸਮੇਂ ਦੇ ਸ਼ਾਸ਼ਕਾਂ ਨਾਲ ਮੇਲ ਖਾਂਦਾ ਹੈ।

ਸੋ ਅੱਜ ਜਰੂਰਤ ਹੈ ਕਿ ਉਹਨਾਂ ਦੀ ਸ਼ਹਾਦਤ ਤੋਂ ਸੇਧ ਲੈਂਦੇ ਹੋਏ ਸੰਘਰਸ਼ਾਂ ਛੇੜੇ ਜਾਣ ਤੇ ਆਪਣੇ ਅਤੇ ਸਮਾਜ ਦੀ ਸਾਂਝੇ ਮਸਲਿਆਂ ਨੂੰ ਹੱਲ ਕਰਵਾਇਆ ਜਾਵੇ। ਇਸ ਮੌਕੇ ਜਿਲ੍ਹਾ ਪ੍ਰੈਸ ਸਕੱਤਰ ਕੰਵਰ ਦਲੀਪ ਸੈਦੋ ਲੇਹਲ ਅਤੇ ਆਈਟੀਸੈੱਲ ਸਕੱਤਰ ਅਮਰਦੀਪ ਸਿੰਘ ਗੋਪੀ ਨੇ ਮੌਜੂਦ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅੰਦੋਲਨ ਦੀਆਂ ਮੰਗਾਂ ਪ੍ਰਤੀ ਸਰਕਾਰ ਲਗਾਤਾਰ ਅਵੇਸਲਾਪਨ ਦਿਖਾਉਣ ਦੀ ਗ਼ਲਤੀ ਕਰ ਰਹੀ ਹੈ ਜੋ ਕਿ ਸਰਕਾਰ ਦੇ ਗਲੇ ਦੀ ਹੱਡੀ ਬਣੇਗਾ | ਓਹਨਾ ਕਿਹਾ ਕਿ ਕੜਾਕੇ ਦੀ ਸਰਦੀ ਦੇ ਬਾਵਜੂਦ ਅੰਦੋਲਨ ਅੱਗੇ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਬੁਲੰਦੀਆਂ ਛੂਹੇਗਾ | ਭਗਵੰਤ ਮਾਨ ਸਰਕਾਰ,ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸੰਘੀ ਢਾਂਚੇ ‘ਤੇ ਕੀਤੇ ਜਾ ਰਹੇ ਹਮਲੇ ਤੇ ਚੁੱਪੀ ਸਾਧ ਕੇ ਪੰਜਾਬ ਦੇ ਖਿਲਾਫ ਭੁਗਤ ਰਹੀ ਹੈ | ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਟੋਲ ਪਲਾਜ਼ਿਆ ਨੂੰ ਨਾਜਾਇਜ਼ ਦੱਸ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਵਿਚ ਨਵੇਂ ਟੋਲ ਪਲਾਜ਼ੇ ਲੱਗ ਰਹੇ ਹਨ ਪਰ ਮੁੱਖ ਮੰਤਰੀ ਜੀ ਇਹਨਾਂ ਤੇ ਬਿਲਕੁਲ ਚੁੱਪ ਹਨ | ਇਸ ਤੋਂ ਸਾਫ ਹੁੰਦਾ ਕਿ ਸਰਕਾਰ ਸਿਰਫ ਲੋਕਾਂ ਵਿਚ ਪ੍ਰਚਾਰ ਲੈਣ ਲਈ ਦੋਗਲੀ ਨੀਤੀ ਆਪਣਾ ਰਹੀ ਹੈ | ਓਹਨਾ ਕਿਹਾ ਕਿ ਅੱਜ ਅੰਦੋਲਨ 33ਵੇਂ ਦਿਨ ਵਿਚ ਪਹੁੰਚ ਚੁੱਕਾ ਹੈ ਅਤੇ ਟੋਲ ਪਲਾਜ਼ੇ ਲਗਾਤਰ 14ਵੇਂ ਦਿਨ ਫ੍ਰੀ ਰਹੇ |ਉਹਨਾਂ ਕਿਹਾ ਕਿ ਭਗਤ ਸਿੰਘ ਦੀ ਸੋਚ ‘ਤੇ ਕੰਮ ਕਰਨ ਦਾ ਡਰਾਮਾ ਕਰਨ ਵਾਲੀ ਸਰਕਾਰ ਦੇ ਸਾਹਮਣੇ ਅੱਜ ਉਹੀ ਸਭ ਮੰਗਾਂ ਹਨ ਜੋ ਸ਼ਹੀਦਾਂ ਦੇ ਸੁਪਨੇ ਸਨ।