‘ਦ ਖ਼ਾਲਸ ਬਿਊਰੋ : ਅਜ਼ਾਦ ਕਿਸਾਨ ਕਮੇਟੀ ਦੇ ਲੀਡਰ ਹਰਪਾਲ ਸਿੰਘ ਸੰਘਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਲਿਖੀ ਗਈ ਚਿੱਠੀ ਲੀਕ ਹੋਣ ਦੇ ਮਾਮਲੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਇਸ ਚਿੱਠੀ ‘ਤੇ ਪੰਜਾਬ ਦੇ ਲੋਕ ਕਿਸਾਨ ਜਥੇਬੰਦੀਆਂ ‘ਤੇ ਸਵਾਲ ਖੜ੍ਹੇ ਕਰ ਰਹੇ ਹਨ ਕਿ ਜਦੋਂ ਚਿੱਠੀ ਕਿਸਾਨ ਜਥੇਬੰਦੀਆਂ ਦੇ ਕੋਲ ਆਈ ਸੀ ਤਾਂ ਉਦੋਂ ਉਨ੍ਹਾਂ ਨੇ ਇਹ ਚਿੱਠੀ ਲੋਕਾਂ ਸਾਹਮਣੇ ਕਿਉਂ ਨਹੀਂ ਰੱਖੀ। ਹਰਪਾਲ ਸਿੰਘ ਨੇ ਦੱਸਿਆ ਕਿ ਇਹ ਚਿੱਠੀ ਕਿਸਾਨ ਜਥੇਬੰਦੀਆਂ ਕੋਲ ਉਸ ਵਕਤ ਆਈ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਲਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਨੌਂ ਮੈਬਰੀ ਕਮੇਟੀ ਵਿੱਚ ਇਹ ਚਿੱਠੀ ਬਾਰੇ ਚਰਚਾ ਹੋਈ। ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮੋਰਚੇ ਦੀ ਭਲਾਈ ਖਾਤਰ ਅਤੇ ਮੋਰਚੇ ਨੂੰ ਇੱਕਜੁੱਟ ਰੱਖਣ ਲਈ ਇਸ ਚਿੱਠੀ ਨੂੰ ਲੋਕਾਂ ਸਾਹਮਣੇ ਨਾ ਲੈ ਕੇ ਆਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਕਿਸਾਨ ਲੀਡਰ ਅਮਰਜੀਤ ਸਿੰਘ ਰੜੇ ਨੇ ਇਹ ਚਿੱਠੀ ਮੀਡੀਆ ਨੂੰ ਦੇ ਦਿੱਤੀ ਹੈ ਕਿਉਂਕਿ ਅੱਜ ਕਿਸਾਨ ਜਥੇਬੰਦੀਆਂ ਦਾ ਇੱਕ ਹਿੱਸਾ ਵੋਟਾਂ ਵਿੱਚ ਚਲਾ ਗਿਆ ਹੈ ਜਿਸ ਕਰਕੇ ਲੋਕ ਜਥੇਬੰਦੀਆਂ ‘ਤੇ ਸਵਾਲ ਚੁੱਕ ਰਹੇ ਹਨ, ਜਿਸ ਕਰਕੇ ਕਿਸਾਨ ਆਗੂਆਂ ਨੇ ਇਹ ਚਿੱਠੀ ਮੀਡੀਆ ਨੂੰ ਦੇਣ ਦਾ ਫੈਸਲਾ ਕੀਤਾ ਹੈ।