Punjab

ਪੰਜਾਬ ਮਾਡਲ ਕਿ ਸਾਨਾਂ ਦੀ ਆਰਥਿਕਤਾ ਸੁਧਾਰੇਗਾ – ਸਿੱਧੂ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪੁਲਿਸ ਬਾਰੇ ਵਰਤੀ ਗਈ ਮਾੜੀ ਸ਼ਬਦਾਵਲੀ ਲ਼ਈ ਮੁਆਫੀ ਮੰਗੀ ਹੈ। ਪਰ ਇਸਦੇ ਨਾਲ ਹੀ ਸਿੱਧੂ ਨੇ ਸਪੱਸ਼ਟੀਕਰਨ ਦਿੰਦਿਆਂ ਵੀ ਕਿਹਾ ਕਿ ਮੈਨੂੰ ਇਹ ਕਹਿੰਦਿਆਂ 15 ਸਾਲ ਹੋ ਗਏ ਹਨ। ਕੀ ਮੈਂ ਕਿਸੇ ਦਾ ਨਾਂ ਲਿਆ ਹੈ। ਮੈਂ ਤਾਂ ਇਹ ਕਿਹਾ ਸੀ ਕਿ ਯਾਰ ਇਹ ਬੰਦਾ ਤਾਂ ਪੁਲਿਸ ਨੂੰ ਵੀ ਡਰਾ ਦਿੰਦਾ ਹੈ। ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਚੋਣਾਂ ਕਰਕੇ ਮੇਰੇ ਇਸ ਬਿਆਨ ਨੂੰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਵੀ ਤਿੰਨ ਵਾਰ ਮੁਆਫੀ ਮੰਗ ਚੁੱਕੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਮੁੱਖ ਮੰਤਰੀ ਤੋਂ ਮੁਆਫੀ ਮੰਗੀ, ਕੈਪਟਨ ਅਮਰਿੰਦਰ ਤੋਂ ਮੰਗੀ?

ਪਾਕਿਸਤਾਨ ਨਾਲ ਆਪਣੇ ਦੋਸਤੀ ਵਾਲੇ ਸਬੰਧਾਂ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਨਾਲ ਜੇ ਨਵਜੋਤ ਸਿੱਧੂ ਦੀ ਦੋਸਤੀ ਸੀ ਤਾਂ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ। ਇਹ ਅੜਿੱਕੇ ਪਾਉਂਦੇ ਰਹੇ ਪਰ ਸਿੱਧੂ ਨੇ ਲਾਂਘਾ ਖੁੱਲ੍ਹਵਾ ਦਿੱਤਾ। ਭਗਵੰਤ ਮਾਨ ਦੇ ਨਾਲ ਆਪਣੇ ਸਬੰਧਾਂ ਬਾਰੇ ਦੱਸਦਿਆਂ ਸਿੱਧੂ ਨੇ ਕਿਹਾ ਕਿ ਪਾਰਟੀਆਂ ਤੋਂ ਉੱਤੇ ਉੱਠ ਕੇ ਅੱਜ ਵੀ ਸਿੱਧੂ ਭਗਵੰਤ ਮਾਨ ਦੇ ਨਾਲ ਖੜਾ ਹੈ।

ਸਿੱਧੂ ਨੇ ਫਤਿਹ ਬਾਜਵਾ ਬਾਰੇ ਬੋਲਦਿਆਂ ਕਿਹਾ ਕਿ ਫਤਿਹ ਬਾਜਵਾ ਨੂੰ ਲੱਗਿਆ ਕਿ ਉਹਨਾਂ ਨੂੰ ਟਿਕਟ ਨਹੀਂ ਮਿਲਣੀ, ਇਸ ਕਰਕੇ ਉਹ ਬੀਜੇਪੀ ਵਿੱਚ ਚਲੇ ਗਏ। ਸਿੱਧੂ ਨੇ ਕਿਹਾ ਕਿ ਜੇ ਬੀਜੇਪੀ ਹੋਰ ਪਾਰਟੀਆਂ ਤੋਂ ਲੀਡਰ ਲੈ ਰਹੀ ਹੈ, ਇਸ ਦਾ ਮਤਲਬ ਹੈ ਕਿ ਬੀਜੇਪੀ ਕੋਲ ਕੁੱਝ ਨਹੀਂ ਹੈ। ਬੰਗਾਲ ਵਿੱਚ ਵੀ ਉਹਨਾਂ ਨੇ ਇਹੀ ਕੀਤਾ ਪਰ ਫਿਰ ਵੀ ਹਾਰ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਪੰਜਾਬ ਦਾ ਵਾਰਿਸ ਕੌਣ ਹੋਵੇਗਾ। ਸਿੱਧੂ ਨੇ ਕਿਹਾ ਕਿ ਇਹ ਔਖੀ ਚੋਣ ਹੈ।

ਰੇਤੇ ਵਾਲੇ ਸਵਾਲ ‘ਤੇ ਸਿੱਧੂ ਗੱਲ ਨੂੰ ਗੋਲਮੋਲ ਕਰ ਗਏ। ਸਿੱਧੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਪੌਣੇ ਪੰਜ ਸਾਲ ਮੁੱਖ ਮੰਤਰੀ ਸੀ। ਅਸੀਂ 78 ਕਾਂਗਰਸ ਦੇ ਵਿਧਾਇਕ ਸੀ ਅਤੇ ਮੁੱਖ ਮੰਤਰੀ ਬੀਜੇਪੀ ਦਾ ਸੀ। ਜਦੋਂ ਈਡੀ ਬਾਂਹ ਮਰੋੜਦਾ ਸੀ ਤਾਂ ਕੈਪਟਨ ਚਾਂਅ-ਚਾਂਅ ਕਰਦਾ ਸੀ। ਕੈਪਟਨ ਆਪਣੀ ਜਾਨ ਬਚਾਉਣ ਲਈ ਖੜਾ ਹੈ ਨਾ ਕਿ ਪੰਜਾਬ ਨੂੰ ਬਚਾਉਣ ਲਈ ਖੜਾ ਹੈ। ਉਹ ਅੱਜ ਬੀਜੇਪੀ ਵਿੱਚ ਜਾ ਕੇ ਖੜ ਗਿਆ ਹੈ। ਸਿੱਧੂ ਤਾਂ ਹੀ ਕੈਪਟਨ ਨਾਲ ਲੜਦਾ ਸੀ।

ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੈਂ ਵਿਧਾਨ ਸਭਾ ਵਿੱਚ ਖੜਾ ਹੋ ਕੇ ਕਹਾਂਗੇ ਕਿ ‘ਕੇਜਰੀਵਾਲ ਕੇਜਰੀਵਾਲ, ਆਹ ਕੀ ਬਣਿਆ ਤੇਰੇ ਨਾਲ।’ ਕੁੱਕੜੀ ਦੇ ਖੰਭਾਂ ਵਾਂਗ ਉਨ੍ਹਾਂ ਦਾ ਝਾੜੂ ਖਿੱਲਰ ਗਿਆ ਹੈ। ਕੇਜਰੀਵਾਲ ਫਰਾਡ ਬੰਦਾ ਹੈ। ਉਹ ਮੈਨੂੰ ਭਗਵੰਤ ਮਾਨ ਦੇ ਨਾਲ ਬਹਿਸ ਕਰਨ ਦੇ ਲਈ ਕਹਿ ਰਿਹਾ ਹੈ। ਪਰ ਮੈਂ ਭਗਵੰਤ ਮਾਨ ਨਾਲ ਬਹਿਸ ਕਿਉਂ ਕਰਾਂ। ਚੋਰੀ ਕੇਜਰੀਵਾਲ ਕਰੇ ਤਾਂ ਬਹਿਸ ਭਗਵੰਤ ਮਾਨ ਨਾਲ ਕਰਾਂ। ਕੇਜਰੀਵਾਲ ਦੀ ਕੈਬਨਿਟ ਵਿੱਚ ਇੱਕ ਵੀ ਔਰਤ ਕਿਉਂ ਨਹੀਂ ਹੈ। ਕੇਜਰੀਵਾਲ ਮੌਸਮੀ ਡੱਡੂ ਵਾਂਗ ਪੰਜਾਬ ਵਿੱਚ ਟਰਾਂ-ਟਰਾਂ ਕਰ ਰਿਹਾ ਹੈ। ਇਹ ਕਹਿੰਦੇ ਹਨ ਕਿ ਪੰਜਾਬ ਵਿੱਚ ਨਕਲੀ ਕੇਜਰੀਵਾਲ ਫਿਰਦੇ ਹਨ ਪਰ ਮੈਂ ਕਹਿੰਦਾ ਹਾਂ ਕਿ ਨਕਲੀ ਸਿੱਧੂ ਫਿਰਦੇ ਹਨ।

ਬਿਕਰਮ ਸਿੰਘ ਮਜੀਠੀਆ ਮਾਮਲੇ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਮਜੀਠੀਆ ਮੁਆਫੀ ਮਾਮਲੇ ਵਿੱਚ ਸਿਰਸਾ ਦਾ ਰੋਲ ਹੈ। ਆਪ ਨੇ ਮਜੀਠੀਆ ਤੋਂ ਡੀਲ ਕਰਕੇ ਮੁਆਫੀ ਮੰਗੀ। ਸਿਰਸਾ ਨੇ ਕੇਜਰੀਵਾਲ ਦਾ ਸਮਝੌਤਾ ਕਰਵਾਇਆ ਸੀ। ਬੇਅਦਬੀ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਕੋਈ ਚੀਜ਼ ਇਨ੍ਹਾਂ ਨੇ ਲੇਟ ਕਰਨੀ ਹੁੰਦੀ ਹੈ ਤਾਂ ਇਹ ਸਿੱਟ ਬਣਾ ਦਿੰਦੇ ਹਨ।

ਸਿੱਧੂ ਨੇ ਪੰਜਾਬ ਮਾਡਲ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਮਾਡਲ ਤਹਿਤ ਅਸੀਂ ਦਾਲਾਂ ਅਤੇ ਤੇਲ ਵਾਲੇ ਬੀਜਾਂ ਉੱਤੇ ਸਬਸਿਡੀ ਦੇਵਾਂਗੇ ਅਤੇ ਨਾਲ ਹੀ ਐੱਮਐੱਸਪੀ ਠੋਕ ਕੇ ਦਿਆਂਗੇ। ਮਾਲਾਂ ਵਿੱਚ ਇਸ ਵਾਰ ਲੱਗੇਗਾ ‘ਪੰਜਾਬ ਫਾਰਮਰ ਫ੍ਰੈੱਸ਼’। ਪੰਜਾਬ ਮਾਡਲ ਕਿਸਾਨਾਂ ਦੀ ਆਰਥਿਕਤਾ ਨੂੰ ਸੁਧਾਰੇਗੀ। ਕਿਸਾਨਾਂ ਨੇ ਦਿੱਲੀ ਵਿੱਚ ਜੰਗ ਜਿੱਤ ਲਈ ਹੈ ਅਤੇ ਹੁਣ ਪੰਜਾਬ ਵਿੱਚ ਵੀ ਕਿਸਾਨ ਜਿੱਤਣਗੇ। ਉਨ੍ਹਾਂ ਕਿਹਾ ਕਿ ਝੋਨਾ ਤਿੰਨ SYL ਜਿੰਨਾ ਪਾਣੀ ਪੀ ਗਿਆ ਹੈ।