ਨਿਊਜ਼ੀਲੈਂਡ : ਸਮੁੰਦਰ ਨਾਲ ਘਿਰੇ ਦੇਸ਼ ਨਿਊਜ਼ੀਲੈਂਡ ਦੇ ਕਈ ਇਲਾਕਿਆਂ ਵਿੱਚ ਚੱਕਰਵਰਤੀ ਤੂਫਾਨ ਗ੍ਰੈਬੀਇਲ ਦਾ ਅਸਰ ਦਿਸਣਾ ਸ਼ੁਰੂਹੋ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਤੂਫਾਨ ਦੀ ਵਜ੍ਹਾ ਨਾਲ 58 ਹਜ਼ਾਰ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਚਲਈ ਗਈ ਹੈ। ਅਧਿਕਾਰੀਆਂ ਨੇ ਤੇਜ਼ ਹਵਾਵਾਂ ਅਤੇ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਤੂਫ਼ਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਂਕੜੇ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਕੁਝ ਇਲਾਕਿਆਂ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਤੂਫ਼ਾਨ ਨਿਊਜ਼ੀਲੈਂਡ ਦੇ ਨਾਰਥ ਆਈਲੈਂਡ ਦੇ ਕਰੀਬ ਪਹੁੰਚ ਗਿਆ ਹੈ। ਇਹ ਤੂਫ਼ਾਨ ਅਜਿਹੇ ਵਕਤ ਆ ਰਿਹਾ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਆਕਲੈਂਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤੇਜ਼ ਮੀਂਹ ਅਤੇ ਹੜ ਆਏ ਸਨ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਨਿਊਜ਼ੀਲੈਂਡ ਦੀ ਸਰਕਾਰ ਪੂਰੇ ਦੇਸ਼ ਵਿੱਚ ਐਮਰਜੈਂਸ ਲਗਾਉਣ ਉੱਤੇ ਵਿਚਾਰ ਕਰ ਰਹੀ ਹੈ। ਜੇ ਅਜਿਹਾ ਹੋਇਆ ਤਾਂ ਇਹ ਤੀਸਰੀ ਵਾਰ ਹੋਵੇਗਾ ਜਦੋਂ ਨਿਊਜ਼ੀਲੈਂਡ ਵਿੱਚ ਐਮਰਜੈਂਸੀ ਲਗਾਈ ਜਾਵੇਗੀ। ਇਹ ਤੂਫ਼ਾਨ ਫਿਲਹਾਲ ਜ਼ਮੀਨ ਭਾਗ ਨਾਲ ਨਹੀਂ ਟਕਰਾਇਆ ਹੈ ਪਰ ਇਸ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇਸਦੇ ਚੱਲਦਿਆਂ ਕਈ ਦਰੱਖਤ ਉੱਖੜ ਗਏ ਹਨ, ਸੜਕਾਂ ਟੁੱਟ ਗਈਆਂ ਹਨ ਅਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਤੂਫ਼ਾਨ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਅਤੇ ਸਥਾਨਕ ਸਰਕਾਰੀ ਦਫ਼ਤਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।