‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੁਣ ਚਾਰ ਤਖਤਾਂ ਦੀ ਥਾਂ ਪੰਜ ਤਖਤ ਸਾਹਿਬਾਨਾਂ ਦੇ ਜਥੇਦਾਰ ਜਨਰਲ ਹਾਊਸ ਦੇ ਮੈਂਬਰ ਹੋਣਗੇ। ਅੱਜ ਦਿੱਲੀ ਵਿਧਾਨ ਸਭਾ ਵੱਲੋਂ ਇਸ ਸਬੰਧ ਵਿੱਚ ਬਿੱਲ ਪਾਸ ਕੀਤਾ ਗਿਆ ਹੈ। ਇਹ ਬਿੱਲ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਮਨਜ਼ੂਰੀ ਵਾਸਤੇ ਭੇਜਿਆ ਜਾਵੇਗਾ। ਅੱਜ ਵਿਧਾਨ ਸਭਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਵੀ ਦਿੱਲੀ ਗੁਰਦੁਆਰਾ ਐਕਟ ਵਿੱਚ ਪੰਜਵੇਂ ਤਖਤ ਵਜੋਂ ਸ਼ਾਮਲ ਕਰਨ ਲਈ ਪ੍ਰਵਾਨਗੀ ਦਿੱਤੀ ਹੈ। ਹੁਣ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਛੱਡ ਕੇ ਬਾਕੀ ਚਾਰ ਤਖਤਾਂ ਦੇ ਜਥੇਦਾਰ ਜਨਰਲ ਹਾਊਸ ਦੇ ਮੈਂਬਰ ਨਾਮਜ਼ਦ ਹੁੰਦੇ ਸਨ ਕਿਉਂਕਿ ਦਿੱਲੀ ਗੁਰਦੁਆਰਾ ਕਮੇਟੀ ਐਕਟ 1971 ਵਿੱਚ ਬਣਿਆ ਸੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਬਾਅਦ ਵਿੱਚ ਬਣਿਆ ਸੀ, ਇਸ ਲਈ ਇਸਦਾ ਨਾਂ ਐਕਟ ਵਿੱਚ ਸ਼ਾਮਲ ਨਹੀਂ ਸੀ। ਦਿੱਲੀ ਵਿਧਾਨ ਸਭਾ ਵਿੱਚ ਅੱਜ ਗੁਰਦੁਆਰਾ ਚੋਣਾਂ ਬਾਰੇ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਇਹ ਸੋਧ ਬਿੱਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਦਿੱਲੀ ਦੇ ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਪੰਜਵੇਂ ਤਖਤ ਨੂੰ ਵੀ ਜਨਰਲ ਹਾਊਸ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ।