ਉਤਰਾਖੰਡ : ਸਿੱਖ ਧਰਮ ਦੇ ਪਵਿੱਤਰ ਤੀਰਥ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ,ਜੋ ਕਿ ਉੱਤਰਾਖੰਡ ਸਥਿਤ ਹੈ,ਦੇ ਕਿਵਾੜ ਸੰਗਤ ਲਈ ਅੱਜ ਖੋਲ੍ਹੇ ਜਾਣਗੇ। ਇਸ 17 ਮਈ ਨੂੰ ਦੋ ਹਜ਼ਾਰ ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਸੀ,ਜੋ ਕਿ ਅਲੱਗ ਅਲੱਗ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੋਬਿੰਦ ਧਾਮ ਪਹੁੰਚਿਆ ਹੈ।
ਜਥੇ ਦੇ ਇਥੇ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਗੁਰਬਾਣੀ ਦੇ ਕੀਰਤਨ ਅਤੇ ਅਰਦਾਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥੇ ਨੂੰ ਗੁਰਦੁਆਰਾ ਗੋਬਿੰਦ ਧਾਮ ਲਈ ਰਵਾਨਾ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਈ ਪੈਦਲ ਯਾਤਰਾ ਸਮੇਂ ਪੰਜਾਬ ਤੋਂ ਆਏ ਫੌਜੀ ਬੈਂਡ ਅਤੇ ਗੜਵਾਲ ਸਕਾਊਟਸ ਦੇ ਬੈਂਡ ਨੇ ਗੁਰਬਾਣੀ ਦੀਆਂ ਧੁਨਾਂ ਵਜਾਈਆਂ। ਅੱਜ 20 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ ਜਾਣਗੇ।
ਜਿਕਰਯੋਗ ਹੈ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਕਈ ਥਾਵਾਂ ਤੋਂ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਪਹੁੰਚੇ ਹਨ। ਇਸ ਦੌਰਾਨ ਪਾਰਕਿੰਗ ਲਈ ਥਾਂ ਦੀ ਘਾਟ ਕਾਰਨ ਸ਼ਰਧਾਲੂਆਂ ਨੂੰ ਦੋਪਹੀਆ ਵਾਹਨਾਂ ਦੀ ਥਾਂ ਇਕੱਠ ਦੇ ਰੂਪ ਵਿਚ ਚਾਰ ਪਹੀਆ ਵਾਹਨਾਂ ਰਾਹੀਂ ਆਉਣ ਦੀ ਅਪੀਲ ਵੀ ਕਮੇਟੀ ਵੱਲੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਉਤਰਾਖੰਡ ਦੇ ਸਿਹਤ ਵਿਭਾਗ ਨੇ ਬਿਮਾਰ ਤੇ ਸਾਹ ਦੀ ਬਿਮਾਰੀ ਤੋਂ ਪੀੜਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਫਿਲਹਾਲ ਯਾਤਰਾ ’ਤੇ ਨਾ ਆਉਣ ਲਈ ਸਲਾਹ ਦਿੱਤੀ ਹੈ।