ਵਿਸ਼ਵ ਦਾ ਆਬਾਦੀ ਜਿਥੇ 8 ਅਰਬ ਦੇ ਲਾਗੇ ਪਹੁੰਚ ਰਹੀ ਹੈ ਤੇ ਸਾਰੇ ਇੱਕ ਪਰਿਵਾਰ ਵਿੱਚ ਵੱਧ ਤੋਂ ਵੱਧ 2 ਬੱਚਿਆਂ ਨੂੰ ਤਰਜੀਹ ਦੇ ਰਹੇ ਹਨ,ਉਥੇ ਦੁਨੀਆ ਵਿੱਚ ਕਈ ਇਨਸਾਨ ਐਸੇ ਵੀ ਹਨ,ਜਿਹੜੇ ਚਾਹੁੰਦੇ ਹਨ ਕਿ ਉਹਨਾਂ ਦੇ ਘਰ ਵਿੱਚ ਵੱਧ ਤੋਂ ਵੱਧ ਬੱਚੇ ਹੋਣ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੇ ਰਹਿਣ ਵਾਲੇ ਇਸੇ ਤਰਾਂ ਦੇ ਇੱਕ ਵਿਅਕਤੀ ਸਰਦਾਰ ਹਾਜੀ ਜਾਨ ਮੁਹੰਮਦ ਦੇ ਘਰ ਉਸ ਦੇ 60ਵੇਂ ਬੱਚੇ ਨੇ ਐਤਵਾਰ ਨੂੰ ਜਨਮ ਲਿਆ ਹੈ । ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਇੰਨੇ ਬੱਚੇ ਪੈਦਾ ਕਰਨ ਤੋਂ ਬਾਅਦ ਵੀ ਨਹੀਂ ਰੁਕਣਗੇ, ਜੇਕਰ ਅੱਲ੍ਹਾ ਨੇ ਚਾਹਿਆ ਤਾਂ ਉਸ ਦੇ ਹੋਰ ਬੱਚੇ ਹੋਣਗੇ। ਅਜਿਹਾ ਕਰਨ ਲਈ ਉਹ ਚੌਥੀ ਵਾਰ ਵਿਆਹ ਕਰਨ ਦੀ ਵੀ ਯੋਜਨਾ ਬਣਾ ਰਹੇ ਹੈ।
ਪੇਸ਼ੇ ਵਜੋਂ ਡਾਕਟਰ ਸਰਦਾਰ ਜਾਨ ਮੁਹੰਮਦ ਖਾਨ ਖਿਲਜੀ, 50, ਕਵੇਟਾ ਸ਼ਹਿਰ ਦੇ ਪੂਰਬੀ ਬਾਈਪਾਸ ਦੇ ਨੇੜੇ ਰਹਿੰਦਾ ਹੈ ਤੇ ਇਥੇ ਹੀ ਉਸਦਾ ਕਲੀਨਿਕ ਹੈ। ਇਹ ਵੀ ਗੱਲ ਹੈ ਕਿ ਇਸ ਵਿਅਕਤੀ ਨੂੰ ਆਪਣੇ ਸਾਰੇ 60 ਬੱਚਿਆਂ ਦੇ ਨਾਂ ਹਮੋਸ਼ਾ ਯਾਦ ਰਹਿੰਦੇ ਹਨ ਤੇ ਹੁਣ ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਚੌਥੇ ਵਿਆਹ ਲਈ ਕੁੜੀ ਲੱਭਣ ਵਿੱਚ ਮਦਦ ਕਰਨ ਲਈ ਕਿਹਾ ਹੈ ਤਾਂ ਜੋ ਉਸ ਦਾ ਚੌਥਾ ਵਿਆਹ ਜਲਦੀ ਹੋ ਸਕੇ। ਉਸ ਦਾ ਇਹ ਵੀ ਕਹਿਣਾ ਹੈ ਕਿ ਜ਼ਿਆਦਾ ਬੱਚੇ ਪੈਦਾ ਕਰਨ ਦੀ ਇੱਛਾ ਉਨ੍ਹਾਂ ਦੀਆਂ ਪਤਨੀਆਂ ਦੀ ਵੀ ਹੈ ਤੇ ਉਨ੍ਹਾਂ ਦੇ ਘਰ ਪੁੱਤਰਾਂ ਨਾਲੋਂ ਧੀਆਂ ਵੱਧ ਹਨ।
ਹਾਜੀ ਜਾਨ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਵੱਡਾ ਕਾਰੋਬਾਰ ਨਹੀਂ ਹੈ ਪਰ ਉਨ੍ਹਾਂ ਦੇ ਘਰ ਦਾ ਸਾਰਾ ਖਰਚਾ ਉਨ੍ਹਾਂ ਦਾ ਕਲੀਨਿਕ ਰਾਹੀਂ ਚਲਦਾ ਹੈ।ਪਹਿਲਾਂ ਉਨ੍ਹਾਂ ਨੂੰ ਬੱਚਿਆਂ ਦੇ ਖਰਚਿਆਂ ਨੂੰ ਲੈ ਕੇ ਬਹੁਤੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ ਮਹਿੰਗਾਈ ‘ਚ ਭਾਰੀ ਵਾਧਾ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਸ ਦੀ ਇਹ ਕੋਸ਼ਿਸ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੁਸ਼ ਰੱਖ ਸਕੇ ਅਤੇ ਉਨ੍ਹਾਂ ਲਈ ਉਨ੍ਹਾਂ ਨੇ ਕਿਸੇ ਤੋਂ ਮਦਦ ਨਹੀਂ ਲਈ ਸਗੋਂ ਆਪਣੀ ਮਿਹਨਤ ਨਾਲ ਖਰਚੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸਾਰੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਅਤੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ‘ਤੇ ਵੀ ਕਾਫੀ ਪੈਸਾ ਖਰਚ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਬੱਚਿਆਂ ਦੇ ਖਰਚੇ ਦੇ ਸਬੰਧ ਵਿੱਚ ਕਿਸੇ ਤੋਂ ਮਦਦ ਨਹੀਂ ਮੰਗੀ ਹੈ।
ਸਰਦਾਰ ਜਾਨ ਮੁਹੰਮਦ ਨੇ ਕਿਹਾ ਕਿ ਉਹ ਖੁਦ ਘੁੰਮਣ ਦਾ ਸ਼ੌਕੀਨ ਹੈ ਅਤੇ ਚਾਹੁੰਦਾ ਹੈ ਕਿ ਉਸ ਦੇ ਬੱਚੇ ਪੂਰੇ ਪਾਕਿਸਤਾਨ ਦੀ ਸੈਰ ਕਰਨ।ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੱਚੇ ਛੋਟੇ ਸਨ ਤਾਂ ਉਨ੍ਹਾਂ ਨੂੰ ਕਾਰ ਵਿੱਚ ਬਿਠਾ ਕੇ ਲਿਜਾਣਾ ਆਸਾਨ ਸੀ ਪਰ ਹੁਣ ਉਨ੍ਹਾਂ ਨੂੰ ਕਾਰ ਵਿੱਚ ਬਿਠਾ ਕੇ ਲਿਜਾਣਾ ਸੰਭਵ ਨਹੀਂ ਹੈ ਇਸ ਲਈ ਉਹ ਚਾਹੁੰਦਾ ਹੈ ਕਿ ਸਰਕਾਰ ਬੱਚਿਆਂ ਨੂੰ ਸਫ਼ਰ ਕਰਨ ਵਿੱਚ ਮਦਦ ਕਰੇ ਤੇ ਇੱਕ ਬੱਸ ਦੇਵੇ ਤਾਂ ਉਹ ਆਪਣੇ ਸਾਰੇ ਬੱਚਿਆਂ ਨੂੰ ਆਸਾਨੀ ਨਾਲ ਪਾਕਿਸਤਾਨ ਘੁਮਾ ਸਕੇ।