India

ਹੁਣ ਬੱਚਿਆਂ ਨੂੰ ਖਾਣ ਲਈ ਮਿਲੇਗਾ ਚਿਕਨ ਤੇ ਮੌਸਮੀ ਫ਼ਲ, ਪਰ ਕਿੱਥੇ ?

Children will eat chicken and seasonal fruits in mid-day meal

‘ਦ ਖ਼ਾਲਸ ਬਿਊਰੋ : ਪੱਛਮੀ ਬੰਗਾਲ (West Bengal) ਦੀ ਸਰਕਾਰ (Government) ਨੇ ਸਕੂਲੀ ਵਿਦਿਆਰਥੀਆਂ (Students) ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ ਮਿਡ-ਡੇ-ਮੀਲ ਵਿੱਚ ਚਿਕਨ ਅਤੇ ਮੌਸਮੀ ਫਲਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਪੱਛਮੀ ਬੰਗਾਲ ਸਰਕਾਰ ਨੇ ਜਨਵਰੀ ਤੋਂ ਅਪ੍ਰੈਲ ਤੱਕ ਚਾਰ ਮਹੀਨਿਆਂ ਲਈ ਮਿਡ-ਡੇ-ਮੀਲ ਵਿੱਚ ਚਿਕਨ ਅਤੇ ਮੌਸਮੀ ਫਲ ਦੇਣ ਦਾ ਫੈਸਲਾ ਕੀਤਾ ਹੈ। ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਪ੍ਰਧਾਨ ਮੰਤਰੀ ਪੋਸ਼ਣ ਦੇ ਤਹਿਤ ਵਾਧੂ ਪੋਸ਼ਣ ਲਈ ਚੌਲ, ਆਲੂ, ਸੋਇਆਬੀਨ ਅਤੇ ਅੰਡੇ ਦੇ ਮੌਜੂਦਾ ਮਿਡ-ਡੇ-ਮੀਲ ਮੀਨੂ ਤੋਂ ਇਲਾਵਾ ਚਿਕਨ ਅਤੇ ਮੌਸਮੀ ਫਲ ਹਫ਼ਤੇ ਵਿੱਚ ਇੱਕ ਵਾਰ ਪਰੋਸੇ ਜਾਣਗੇ।

ਪੱਛਮੀ ਬੰਗਾਲ ਸਰਕਾਰ ਨੇ ਇਸ ਯੋਜਨਾ ਲਈ 371 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਸਕੂਲ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਾਧੂ ਪੋਸ਼ਣ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਅਪ੍ਰੈਲ ਤੋਂ ਬਾਅਦ ਵੀ ਜਾਰੀ ਰੱਖਿਆ ਜਾਵੇਗਾ ਜਾਂ ਨਹੀਂ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪੱਛਮੀ ਬੰਗਾਲ ਦੇ ਸਕੂਲਾਂ ਵਿੱਚ ਮਿਡ-ਡੇ-ਮੀਲ ਤਹਿਤ ਵਿਦਿਆਰਥੀਆਂ ਨੂੰ ਚੌਲ, ਦਾਲਾਂ, ਸਬਜ਼ੀਆਂ, ਸੋਇਆਬੀਨ ਅਤੇ ਅੰਡੇ ਦਿੱਤੇ ਜਾਂਦੇ ਹਨ।

3 ਜਨਵਰੀ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਹਰੇਕ ਵਿਦਿਆਰਥੀ ਨੂੰ ਵਾਧੂ ਪੋਸ਼ਣ ਪ੍ਰਦਾਨ ਕਰਨ ਲਈ ਪ੍ਰਤੀ ਹਫ਼ਤੇ 20 ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ ਅਤੇ ਇਹ ਪ੍ਰਕਿਰਿਆ 16 ਹਫ਼ਤਿਆਂ ਤੱਕ ਚੱਲੇਗੀ।

ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 1.16 ਕਰੋੜ ਤੋਂ ਵੱਧ ਵਿਦਿਆਰਥੀ ਮਿਡ-ਡੇ-ਮੀਲ ਸਕੀਮ ਦੇ ਲਾਭਪਾਤਰੀ ਹਨ, ਜਿਸ ਲਈ ਰਾਜ ਅਤੇ ਕੇਂਦਰ 60:40 ਦੇ ਅਨੁਪਾਤ ਵਿੱਚ ਲਾਗਤ ਨੂੰ ਸਾਂਝਾ ਕਰਦੇ ਹਨ। ਹਾਲਾਂਕਿ, 371 ਕਰੋੜ ਰੁਪਏ ਦੀ ਵਾਧੂ ਅਲਾਟਮੈਂਟ ਪੂਰੀ ਤਰ੍ਹਾਂ ਰਾਜ ਦੁਆਰਾ ਕੀਤੀ ਗਈ ਹੈ।

ਪੱਛਮੀ ਬੰਗਾਲ ਸਰਕਾਰ ਦੇ ਇਸ ਕਦਮ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਭਾਜਪਾ ਨੇ ਮਮਤਾ ਸਰਕਾਰ ਦੇ ਇਰਾਦਿਆਂ ‘ਤੇ ਸਵਾਲ ਚੁੱਕੇ ਹਨ। ਭਾਜਪਾ ਨੇ ਕਿਹਾ ਕਿ ਇਸ ਸਾਲ ਹੋਣ ਵਾਲੀਆਂ ਪੰਚਾਇਤੀ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਅਜਿਹਾ ਫੈਸਲਾ ਕਿਉਂ ਲਿਆ ਗਿਆ। ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਨੇ ਵਿਰੋਧੀ ਧਿਰ ‘ਤੇ ਹਰ ਗੱਲ ‘ਚ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ।