ਉੱਤਰੀ-ਪੱਛਮੀ ਇਰਾਨ ਦੇ ਪਹਾੜੀ ਖੇਤਰ ਵਿਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਰਾਸ਼ਟਰਪਤੀ ਇਬਰਾਹਿਮ ਰਈਸੀ, ਵਿਦੇਸ਼ ਮੰਤਰੀ ਅਤੇ ਹੋਰ ਵਿਅਕਤੀਆਂ ਦੀਆਂ ਹਾਦਸੇ ਵਾਲੀ ਥਾਂ ‘ਤੇ ਲਾਸ਼ਾਂ ਮਿਲੀਆਂ ਹਨ। ਰਈਸੀ 63 ਸਾਲ ਦੇ ਸਨ। ਘਟਨਾ ਅਜਿਹੇ ਸਮੇਂ ‘ਚ ਹੋਈ ਹੈ, ਜਦੋਂ ਇਰਾਨ ਨੇ ਆਪਣੇ ਸੁਪਰੀਮ ਨੇਤਾ ਆਯਤੁੱਲਾ ਅਲੀ ਖਮੇਨੀ ਦੀ ਅਗਵਾਈ ‘ਚ ਪਿਛਲੇ ਮਹੀਨੇ ਇਜ਼ਰਾਈਲ ‘ਤੇ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਇਰਾਨ ਦਾ ਯੂਰੇਨੀਅਮ ਸੋਧ ਵੀ ਹਥਿਆਰ ਬਣਾਉਣ ਲਈ ਲੋੜੀਂਦੇ ਪੱਧਰ ਦੇ ਨੇੜੇ ਪਹੁੰਚ ਗਈ ਹੈ।
ਟ੍ਰਿਬਿਊਨ ਦੀ ਖ਼ਬਰ ਦੇ ਮੁਤਾਬਕ ਰਈਸੀ ਇਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੀ ਯਾਤਰਾ ਕਰ ਰਹੇ ਸਨ। ਸਰਕਾਰੀ ਟੀਵੀ ਨੇ ਹਾਲੇ ਤੱਕ ਪੂਰਬੀ ਅਜ਼ਰਬਾਇਜ਼ਾਨ ਸੂਬੇ ਵਿੱਚ ਹੋਏ ਹਾਦਸੇ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਰਈਸੀ ਨਾਲ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ‘ਚ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਹੀਨ (60) ਵੀ ਸ਼ਾਮਲ ਹਨ
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਭਾਰਤ-ਇਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ‘ਚ ਕਿਹਾ,‘ਇਰਾਨ ਦੇ ਰਾਸ਼ਟਰਪਤੀ ਡਾ. ਸਈਅਦ ਇਬਰਾਹਿਮ ਰਈਸੀ ਦੇ ਦੁਖਦਾਈ ਦੇਹਾਂਤ ‘ਤੇ ਡੂੰਘਾ ਦੁੱਖ ਅਤੇ ਸਦਮਾ। ਭਾਰਤ-ਇਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਇਰਾਨ ਦੇ ਲੋਕਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਭਾਰਤ ਇਸ ਦੁੱਖ ਦੀ ਘੜੀ ਵਿੱਚ ਇਰਾਨ ਦੇ ਨਾਲ ਖੜ੍ਹਾ ਹੈ।’