ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ 2024 ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਬਦਲਕੇ ਹੁਣ 22 ਅਕਤੂਬਰ 2024 ਮੰਗਲਵਾਰ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਐੱਸਸੀ, ਬੀਸੀ ਅਧਿਆਪਕ ਜਥੇਬੰਦੀ ਨੇ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ ਨੂੰ ਕਰਵਾਈ ਜਾ ਰਹੀ ਅਧਿਆਪਕ-ਮਾਪੇ ਮਿਲਣੀ ਦੀ ਤਰੀਕ ਚਾਰ ਤੋਂ ਪੰਜ ਦਿਨ ਅੱਗੇ ਪਾਉਣ ਦੀ ਮੰਗ ਕੀਤੀ ਸੀ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਸਣੇ ਕਈ ਅਧਿਆਪਕ ਆਗੂਆਂ ਨੇ ਇਤਰਾਜ਼ ਦਾਇਰ ਕਰਦਿਆਂ ਕਿਹਾ ਸੀ ਕਿ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਹੁਕਮ 11 ਅਕਤੂਬਰ ਨੂੰ ਜਾਰੀ ਕੀਤੇ ਗਏ ਹਨ ਜਦਕਿ ਜ਼ਿਆਦਾਤਰ ਸਕੂਲ 11 ਤੋਂ 15 ਅਕਤੂਬਰ ਤੱਕ ਛੁੱਟੀਆਂ ਅਤੇ ਪੰਚਾਇਤ ਚੋਣਾਂ ਕਾਰਨ ਬੰਦ ਹਨ। ਇਸ ਤੋਂ ਇਲਾਵਾ 16 ਅਕਤੂਬਰ ਨੂੰ ਕਈ ਸਕੂਲਾਂ ਵੱਲੋਂ ਲੋਕਲ ਛੁੱਟੀ ਕੀਤੀ ਹੋਈ ਹੈ।
ਚੋਣ ਕਮਿਸ਼ਨਰ ਪੰਜਾਬ ਵੱਲੋਂ ਵੀ 16 ਅਕਤੂਬਰ ਦੀ ਛੁੱਟੀ ਕੀਤੇ ਜਾਣ ਦੀ ਸੰਭਾਵਨਾ ਹੈ। ਚੋਣ ਡਿਊਟੀ ਕਾਰਨ 15 ਅਕਤੂਬਰ ਨੂੰ ਅਧਿਆਪਕ ਵੀ ਦੇਰ ਰਾਤ ਤੱਕ ਘਰ ਪਹੁੰਚਣਗੇ। ਇਸ ਦੇ ਨਾਲ ਹੀ 17 ਅਕਤੂਬਰ ਨੂੰ ਵੀ ਛੁੱਟੀ ਹੈ। ਭਾਵ 11 ਅਕਤੂਬਰ ਤੋਂ ਬਾਅਦ ਸਿੱਧੇ ਸਕੂਲ 18 ਨੂੰ ਖੁੱਲ੍ਹ ਰਹੇ ਹਨ। ਅਜਿਹੀ ਸਥਿਤੀ ਵਿੱਚ ਸਿੱਖਿਆ ਵਿਭਾਗ ਹਫ਼ਤੇ ਦੀਆਂ ਛੁੱਟੀਆਂ ਤੋਂ ਤੁਰੰਤ ਬਾਅਦ 18 ਅਕਤੂਬਰ ਨੂੰ ਸਵੇਰੇ 9 ਤੋਂ 2 ਵਜੇ ਤੱਕ ਅਧਿਆਪਕ-ਮਾਪੇ ਮਿਲਣੀ ਦਾ ਸ਼ਡਿਊਲ ਜਾਰੀ ਕਰ ਚੁੱਕਿਆ ਹੈ ਜੋ ਕਿ ਉਚਿਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਕਰ ਕੇ ਕਮਰੇ ਉੱਥਲ ਪੁਥਲ ਹੋ ਜਾਂਦੇ ਹਨ ਅਤੇ ਮੀਟਿੰਗ ਦੀ ਤਿਆਰੀ ਸਬੰਧੀ ਕਾਰਵਾਈ ਕਰਨੀ ਹੈ, ਇਸ ਲਈ ਸਬੰਧਤ ਮੀਟਿੰਗ ਬਾਬਤ ਐਨੀ ਕਾਹਲੀ ਉਚਿਤ ਨਹੀਂ ਹੈ। ਜਥੇਬੰਦੀ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੀ ਕੁਆਲਿਟੀ ਆਫ ਐਜੂਕੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਨੂੰ ਇਸ ਅਧਿਆਪਕ-ਮਾਪੇ ਮਿਲਣੀ ਦੀ ਤਿਆਰੀ ਕਰਨ ਦਾ ਸਮਾਂ ਦਿੱਤਾ ਜਾਵੇ ਅਤੇ ਇਹ ਮੀਟਿੰਗ ਚਾਰ ਤੋਂ ਪੰਜ ਦਿਨ ਅੱਗੇ ਪਾਈ ਜਾਵੇ।