‘ਦ ਖ਼ਾਲਸ ਬਿਊਰੋ :- ਸਿੱਖ ਸੰਘਰਸ਼ ਵਿੱਚ 2 ਸਾਲਾਂਬੱਧੀ ਕੈਦ ਕੱਟਣ ਵਾਲੇ ਭਾਈ ਵਰਿਆਮ ਸਿੰਘ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਵਿੱਚ ਆਪਣੇ ਜੱਦੀ ਪਿੰਡ ਬਰੀਬਾਰਾ ਜ਼ਿਲ੍ਹਾ ਸ਼ਹਿਜਹਾਨਪੁਰ ਵਿੱਚ ਅਕਾਲ ਚਲਾਣਾ ਕਰ ਗਏ ਸਨ। ਜ਼ਿਕਰਯੋਗ ਹੈ ਕਿ ਭਾਈ ਵਰਿਆਮ ਸਿੰਘ 17 ਅਪ੍ਰੈਲ 1990 ਤੋਂ ਟਾਡਾ ਕਾਨੂੰਨ ਮੁਤਾਬਕ ਉੱਤਰ ਪ੍ਰਦੇਸ਼ ਦੀ ਬੱਸ ਬਰੇਲੀ ਜੇਲ੍ਹ ਵਿੱਚ ਕੈਦ ਸਨ। ਯੂ.ਪੀ ਦੇ ਜ਼ਿਲ੍ਹਾ ਸ਼ਹਿਜਾਨਪੁਰ ਨੇੜੇ ਪੈਂਦੇ ਪਿੰਡ ਬਰੀਬਾਰਾ ਦੇ ਵਾਸੀ ਭਾਈ ਵਰਿਆਮ ਸਿੰਘ ‘ਤੇ 1990 ਵਿੱਚ ਮੁਕੱਦਮਾ ਨੰਬਰ-80 ਟਾਡਾ ਕਾਨੂੰਨ ਦੀ ਧਾਰਾ 3, 4 ਤੇ 120 ਬੀ.ਆਈ.ਪੀ.ਸੀ ਦੇ ਅਧੀਨ ਪੀਲੀਭੀਤ ਦੀ ਟਾਡਾ ਅਦਾਲਤ ਵੱਲੋਂ 10 ਜਨਵਰੀ 1995 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 25 ਸਾਲ ਜੇਲ੍ਹ ਵਿੱਚ ਰਹਿਣ ਬਾਅਦ, ਉਨ੍ਹਾਂ ਨੂੰ 17 ਦਸੰਬਰ 2015 ਨੂੰ ਪਹਿਲੀ ਵਾਰ ਪੈਰੋਲ ਦਿੱਤੀ ਗਈ ਸੀ ਤੇ 26 ਸਾਲ ਜੇਲ੍ਹ ਕੱਟਣ ਮਗਰੋਂ ਉਹ 2016 ਵਿੱਚ ਰਿਹਾਅ ਹੋਏ ਸਨ।

ਭਾਈ ਵਰਿਆਮ ਸਿੰਘ ਦਾ ਕੇਸ ਵੀ ਉਨ੍ਹਾਂ ਅਨੇਕਾਂ ਬੰਦੀ ਸਿੰਖਾਂ ਵਾਂਗ ਹੀ ਸੀ ਜੋ ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ ਵਿੱਚ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਨੂੰ ਇਸ ਜੇਲ੍ਹ ‘ਚ ਰਹਿਣ ਦੌਰਾਨ ਪਹਿਲਾਂ ਕਦੇ ਵੀ ਪੈਰੋਲ ਨਹੀਂ ਮਿਲੀ ਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਉਮਰ ਕੈਦ ਤੋਂ ਕਈ ਵਰੇ ਵੱਧ ਕੈਦ ਕੱਟਣੀ ਪਈ। ਭਾਈ ਵਰਿਆਮ ਸਿੰਘ ਸਿਰੜੀ ਸਿੱਖ ਤੇ ਸੰਘਰਸ਼ੀ ਯੋਧੇ ਸਨ।

ਅੱਜ ਮਿਤੀ 2 ਜੂਨ 2020 ਨੂੰ ਭਾਈ ਵਰਿਆਮ ਸਿੰਘ ਦੇ ਪਿੰਡ ਬਰੀਬਾਰਾ ( ਉੱਤਰ ਪ੍ਰਦੇਸ਼ ) ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਥਕ ਜੱਥੇਬੰਦੀਆਂ ਵੱਲੋਂ ਭਾਈ ਸਾਹਿਬ ਜੀ ਦੇ ਵੱਡੇ ਸਪੁੱਤਰ ਜਗਦੀਸ਼ ਸਿੰਘ ਅਤੇ ਛੋਟੇ ਸਪੁੱਤਰ , ਜਸਵਿੰਦਰ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨ ਦਿੱਤਾ ਗਿਆ।

ਇਸ ਮੌਕੇ ‘ਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਲਿਖ਼ਤੀ ਸ਼ੋਕ ਸੰਦੇਸ ਵਿੱਚ ਭਾਈ ਵਰਿਆਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਈ ਸਾਹਿਬ ਵਰਗੇ ਕੁਰਬਾਨੀ ਕਰਨ ਵਾਲੇ ਸਿੱਖਾਂ ਦਾ ਪੰਥ ਵਿੱਚ ਹਮੇਸ਼ਾ ਸਤਿਕਾਰ ਬਹਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਭਾਈ ਸਾਹਿਬ ਦੀ ਕੁਰਬਾਨੀ ਪ੍ਰਤੀ ਪਰਿਵਾਰ ਨੂੰ ਅਪੀਲ ਕੀਤੀ ਕਿ ਤੁਸੀਂ ਵੱਡੀ ਵਿਰਾਸਤ ਦੇ ਵਾਰਿਸ ਹੋ, ਜਿਸ ਨੂੰ ਸੰਭਾਲ ਕੇ ਰੱਖਣਾ ਤੁਹਾਡਾ ਮੁੱਢਲਾ ਫਰਜ਼ ਹੈ। ਸਿੰਘ ਸਾਹਿਬ ਨੇ ਭਾਈ ਵਰਿਆਮ ਸਿੰਘ ਜੀ ਦੀ ਕੁਰਬਾਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਮਹਾਨ ਹਸਤੀ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾਂ ਸਮਾਂ ਸਿੱਖ ਸੰਘਰਸ਼ ਦੌਰਾਨ ਜੇਲ੍ਹ ਵਿੱਚ ਸਿੱਖੀ ਸਿਧਾਂਤਾਂ ਦੇ ਨਾਂ ਲਾ ਦਿੱਤੀ।

ਜ਼ਿਕਰਯੋਗ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਭਾਈ ਵਰਿਆਮ ਸਿੰਘ ਜੀ ਦੀ ਤਸਵੀਰ ਜਲਦੀ ਹੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਲਈ ਬੀਤੇ ਦਿਨੀਂ ਆਦੇਸ਼ ਵੀ ਜਾਰੀ ਕੀਤਾ ਹੈ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਜਿਥੇ ਭਾਈ ਸਾਹਿਬ ਜੀ ਦੀ ਕੁਰਬਾਨੀ ਦੀ ਪ੍ਰਸੰਸਾ ਕੀਤੀ ਉਥੇ ਨਾਲ ਹੀ ਕਿਹਾ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਜੱਦੋ ਜਹਿਦ ਕਰਨ ਵਾਲੇ ਪੰਥਕ ਪਰਿਵਾਰਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਚੱਟਾਨ ਵਾਂਗ ਖੜ੍ਹੀ ਹੈ। ਲੌਂਗੋਵਾਲ ਨੇ ਕਿਹਾ ਕਿ ਭਾਈ ਵਰਿਆਮ ਸਿੰਘ ਵੱਲੋਂ ਪੰਥਕ ਸੰਘਰਸ਼ ਵਿੱਚ ਪਾਏ ਯੋਗਦਾਨ ਤੇ ਕੁਰਬਾਨੀ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।

ਭਾਈ ਵਰਿਆਮ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਵਰਗੇ ਲੱਖਾਂ ਨੌਜਵਾਨਾਂ ਨੇ ਖ਼ਾਲਸਾ ਪੰਥ ਦੀ ਅੱਡਰੀ ਅਜਾਦ ਤੇ ਨਿਆਰੀ ਹਸਤੀ ਨੂੰ ਬਰਕਰਾਰ ਰੱਖਣ ਲਈ ਮਾਣਮੱਤੀ ਕੁਰਬਾਨੀ ਦਿੱਤੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕੌਮ ਦੇ ਮਾਣ ਸਤਿਕਾਰ ਲਈ ਸੰਘਰਸ਼ ਹਮੇਸ਼ਾ ਜਾਰੀ ਰਹਿਣਾ ਚਾਹੀਦਾ ਹੈ ਤੇ ਪੂਰੀ ਕੌਮ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਵਿੱਚ ਇਕੱਠੇ ਰਹਿਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ 51000 ਹਜ਼ਾਰ ਰੁਪਏ ਦਾ ਚੈਕ ਭੋਗ ਸਮਾਗਮ ਮੌਕੇ ਸਹਾਇਤਾ ਵਜੋਂ ਪਰਿਵਾਰ ਨੂੰ ਦਿੱਤਾ ਤੇ ਨਾਲ ਹੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਭਾਈ ਵਰਿਆਮ ਸਿੰਘ ਜੀ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਨੂੰ ਇਲਾਜ ਲਈ ਇੱਕ ਲੱਖ ਰੁਪਏ ਤੇ ਭਾਈ ਸਾਹਿਬ ਦੇ ਇਲਾਜ ਲਈ ਵੀ ਇੱਕ ਲੱਖ ਰੁਪਏ ਦੀ ਮਦਦ ਦਿੱਤੀ ਜਾ ਚੁੱਕੀ ਹੈ ।

ਭਾਈ ਸਾਹਿਬ ਜੀ ਦੀ ਅੰਤਿਮ ਅਰਦਾਸ ਸਮੇਂ ਹੋਰਨਾ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ, ਸਮੁੱਚੀਆਂ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਬਾਬਾ ਬਲਬੀਰ ਸਿੰਘ ਜੀ ਮੁੱਖੀ ਬੁੱਢਾ ਦੱਲ, ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਜੀ, ਬਾਬਾ ਨਛੱਤਰ ਸਿੰਘ ਜੀ ਮੁੱਖੀ ਮਾਤਾ ਗੁਜਰੀ ਸਹਾਰਾ ਟਰੱਸਟ ਕੱਲਰ ਭੈਣੀ ਪਟਿਆਲਾ,  ਬਲਵੰਤ ਸਿੰਘ ਰਾਮੂਵਾਲੀਆਂ ਸਾਬਕਾ ਮੈਂਬਰ ਪਾਰਲੀਮੈਂਟ, ਜੇਲ੍ਹਾਂ ਵਿੱਚ ਕੈਦ ਸਮੁੱਚੇ ਬੰਦੀ ਸਿੰਘਾਂ ਤੇ ਹੋਰ ਬਹੁਤ ਸਾਰੀਆਂ ਪੰਥਕ ਜੱਥੇਬੰਦੀਆਂ ਦੇ ਆਗੂਆਂ ਨੇ ਸ਼ੋਕ ਸੰਦੇਸ਼ ਭੇਜੇ। ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਭਾਈ ਬਰਿਜਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੜ ਯੂ.ਪੀ , ਜਗਜੀਤ ਸਿੰਘ ਪੰਜੋਲੀ ( ਰਿਸਰਚ ਸਕਾਲਰ , ਪੰਜਾਬੀ ਯੂਨੀਵਰਸਿਟੀ ਪਟਿਆਲਾ ) , ਸੁਰਿੰਦਰ ਸਿੰਘ ਸਮਾਣਾ, ਲਖਵੀਰ ਸਿੰਘ ਹਾਪੜ, ਜ਼ਸਬੀਰ ਸਿੰਘ ਪਟਿਆਲਾ ਸਮੇਤ ਸੰਗਤਾਂ ਨੇ ਹਾਜਰੀ ਭਰੀ। ਯਾਦ ਰਹੇ ਕਿ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਕਾਰਨ ਭਾਈ ਸਾਹਿਬ ਜੀ ਦੀ ਅੰਤਿਮ ਅਰਦਾਸ ਵਿੱਚ ਸਿਹਤ ਸਹੂਲਤਾਂ ਦੀ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਸੀਮਤ ਇਕੱਤਰਤਾ ਵੀ ਰੱਖੀ ਗਈ।