‘ਦ ਖ਼ਾਲਸ ਬਿਊਰੋ :- ਕੋਵਿਡ ਕਾਲ ਦੌਰਾਨ ਕਈ ਸ਼ਹਿਰਾਂ ‘ਚ ਵਪਾਰ ਮੁੜ ਤੋਂ ਚਾਲੂ ਕਰਨ ਨਾਲ ਕਈ ਚੀਜਾ ਦੀ ਕੀਮਤਾਂ ’ਚ ਵਾਧਾ ਨਜ਼ਰ ਆਇਆ ਹੈ। ਜਿਵੇਂ ਕਿ ਤੇਲ ਅਤੇ ਗ਼ੈਰ-ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਸਾਢੇ 11 ਰੁਪਏ ਤੱਕ ਵਧਾ ਦਿੱਤੀ ਗਈ ਹੈ। ਉਂਝ ਪੈਟਰੋਲ ਤੇ ਡੀਜ਼ਲ ਦੇ ਭਾਅ ’ਚ ਰਿਕਾਰਡ ਲਗਾਤਾਰ 78ਵੇਂ ਦਿਨ ‘ਚ ਕੋਈ ਬਦਲਾਅ ਨਹੀਂ ਹੋਇਆ। ਏਵੀਏਸ਼ਨ ਟਰਬਾਈਨ ਈਂਧਣ (ਏਟੀਐੱਫ) ਦੀ ਕੀਮਤ ’ਚ 12,126.75 ਰੁਪਏ (56.5 ਫ਼ੀਸਦ) ਪ੍ਰਤੀ ਕਿਲੋ ਲਿਟਰ ਤੱਕ ਵਧਾਉਣ ਨਾਲ ਇਹ ਰਾਜਧਾਨੀ ’ਚ 33,575.37 ਰੁਪਏ ਪ੍ਰਤੀ ਕਿਲੋ ਲਿਟਰ ਹੋ ਗਿਆ ਹੈ।

ਗ਼ੈਰ-ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 11.50 ਰੁਪਏ ਵੱਧ ਕੇ ਹੁਣ 593 ਰੁਪਏ ਹੋ ਗਈ ਹੈ। ਇਹ ਵਾਧਾ ਉਸ ਸਮੇਂ ਹੋਇਆ ਹੈ ਜਦੋਂ ਤਿੰਨ ਮਹੀਨੇ ਲਗਾਤਾਰ ਇਸ ਦੀਆਂ ਕੀਮਤਾਂ ’ਚ ਕਟੌਤੀ ਹੁੰਦੀ ਰਹੀ। ਉਸ ਵੇਲੇ ਗ਼ੈਰ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ’ਚ 277 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਸੀ। ਐੱਲਪੀਜੀ ਦੀਆਂ ਕੀਮਤਾਂ ’ਚ ਮਹੀਨੇ ’ਚ ਇੱਕ ਵਾਰ ਬਦਲਾਅ ਹੁੰਦਾ ਹੈ ਜਦਕਿ ਪੈਟਰੋਲ ਤੇ ਡੀਜ਼ਲ ਦੇ ਭਾਅ ਰੋਜ਼ਾਨਾ ਆਧਾਰ ’ਤੇ ਬਦਲੇ ਜਾਂਦੇ ਹਨ।