Punjab

ਸਰਕਾਰ ਖੁਦ ਠੇਕੇਦਾਰਾਂ ਨੂੰ ਬੁਲਾ ਕੇ ਹੁਣ ਨਹੀਂ ਦੇ ਰਹੀ ਸਹਿਯੋਗ, ਪੰਜ ਘੰਟੇ ਪਹਿਲਾਂ ਹੀ ਠੇਕੇ ਕਰਵਾਏ ਜਾਂਦੇ ਨੇ ਬੰਦ – ਸ਼ਰਾਬ ਠੇਕੇਦਾਰ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਹਰ ਹੀਲਾ ਵਰਤ ਰਹੀ ਹੈ ਅਤੇ ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਸ਼ਰਾਬ ਦੇ ਠੇਕੇ ਵੀ ਰੋਜ਼ਾਨਾ ਸ਼ਾਮੀਂ ਸਾਢੇ ਛੇ ਵਜੇ ਬੰਦ ਹੋ ਜਾਂਦੇ ਹਨ, ਜਿਸ ਕਾਰਨ ਠੇਕੇਦਾਰ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਸਰਕਾਰੀ ਹੁਕਮਾਂ’ ਨਾਲ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸਰਕਾਰ ਨੇ ਉੱਪਰੋਂ ਉਨ੍ਹਾਂ ’ਤੇ ਲੱਖਾਂ ਰੁਪਏ ਮਹੀਨੇ ਦਾ ਕੋਰੋਨਾ ਸੈੱਸ ਵੀ ਲਾ ਦਿੱਤਾ ਹੈ। ਇਸ ਕਰਕੇ ਪੰਜਾਬ ਭਰ ਦੇ ਠੇਕੇਦਾਰ ਸਰਕਾਰ ਦੇ ਅਜਿਹੇ ਫੈਸਲਿਆਂ ਖ਼ਿਲਾਫ਼ ਹਾਈ ਕੋਰਟ ਜਾਣ ਦੀ ਤਿਆਰੀ ਵਿਚ ਹਨ।

ਇਸ ਮਾਮਲੇ ਸਬੰਧੀ ਪਟਿਆਲਾ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਠੇਕੇਦਾਰਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਬਲਿਹਾਰ ਸਿੰਘ ਸ਼ਮਸ਼ਪੁਰ, ਬਲਵੰਤ ਰਾਏ, ਲਵਲੀ, ਅਸ਼ੋਕ ਸਿੰਗਲਾ ਅਤੇ ਨਰਪਲ ਸਿੰਗਲਾ (ਪਟਿਆਲਾ ਸੰਗਰੂਰ), ਭਗਵਤ ਦਿਆਲ (ਖਨੌਰੀ ਪਾਤੜਾਂ), ਵਿੱਕੀ ਠੇਕੇਦਾਰ ਤੇ ਸੁਰੇਸ਼ ਬਾਂਸਲ (ਬਰਨਾਲਾ) ਆਦਿ ਹਾਜ਼ਰ ਸਨ। ਕਾਂਗਰਸੀ ਤੇ ਪਟਿਆਲਾ ਦੇ ਪ੍ਰਮੁੱਖ ਠੇਕੇਦਾਰ ਬਲਿਹਾਰ ਸਿੰਘ ਸ਼ਮਸ਼ਪੁਰ ਦਾ ਕਹਿਣਾ ਸੀ ਕਿ ਮੀਟਿੰਗ ਵਿੱਚ ਡੂੰਘੀ ਵਿਚਾਰ ਚਰਚਾ ਹੋਈ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਇਸ ਵਾਰ ਪੰਜਾਬ ’ਚ ਠੇਕਿਆਂ ਦਾ ਬਹੁਤਾ ਕੰਮ ਠੇਕੇਦਾਰਾਂ ਵੱਲੋਂ ਨਾ ਲਿਆ ਹੋਣ ਕਰਕੇ ਸਰਕਾਰ ਨੇ ਠੇਕੇਦਾਰਾਂ ਨੂੰ ਖੁਦ ਚੰਡੀਗੜ੍ਹ ਬੁਲਾ ਕੇ ਕੰਮ ਲੈਣ ਲਈ ਆਖਿਆ ਸੀ ਤੇ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਉਲਟਾ ਉਨ੍ਹਾਂ ਦੇ ਨਿਰਧਾਰਤ ਸਮੇਂ ਤੋਂ ਵੀ ਪੰਜ ਘੰਟੇ ਘਟਾ ਦਿੱਤੇ ਗਏ ਹਨ ਤੇ ਪਾਲਿਸੀ ’ਚ ਨਾ ਹੋਣ ਦੇ ਬਾਵਜੂਦ ਉਨ੍ਹਾਂ ’ਤੇ ਕੋਰੋਨਾ ਸੈੱਸ ਵੀ ਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਸੈੱਸ ਦੇਣ ਤੋਂ ਨਹੀਂ ਭੱਜਦੇ ਪਰ ਸਰਕਾਰ ਠੇਕੇ ਖੋਲ੍ਹਣ ਦਾ ਸਮਾਂ ਪੂਰਾ ਦੇਵੇ।

ਇਹ ਸਮਾਂ ਸਵੇਰੇ 9 ਤੋਂ ਰਾਤ 11 ਵਜੇ ਤੱਕ ਹੈ ਕਿਉਂਕਿ ਹੁਣ ਠੇਕੇਦਾਰਾਂ ਦਾ ਕੰਮ ਪੰਜਾਹ ਫੀਸਦੀ ਘੱਟ ਗਿਆ ਹੈ, ਜਿਸ ਦਾ ਤਸਕਰਾਂ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅੱਜ ETC ਨੇ ਵੀ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਅਗਲੇ ਦਿਨੀਂ ਉਹ ਹਾਈ ਕੋਰਟ ’ਚ ਰਿੱਟ ਦਾਇਰ ਕਰਨਗੇ।