ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਵੱਲੋਂ ਜਲੰਧਰ ਪੱਛਮੀ ਵਿੱਚ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ਵਿਖੇ ਕਿਰਾਏ ‘ਤੇ ਘਰ ਲੈ ਲਿਆ ਗਿਆ ਹੈ। ਉਨ੍ਹਾਂ ਟਵੀਟ ਕਰਦੇ ਹੋਏ ਜਾਣਕਾਰੀ ਦਿੰਦਿਆਂ ਲਿਖਿਆ ਕਿ ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਘਰ ਕਿਰਾਏ ‘ਤੇ ਲੈ ਰਿਹਾ ਹਾਂ.. ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ… ਮਾਝੇ ਅਤੇ ਦੋਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਇੱਥੇ ਰਹਿ ਕੇ ਹੀ ਨਿਪਟਾਰਾ ਕਰਾਂਗਾ…ਅਸੀਂ ਲੋਕਾਂ ਦੀ ਖੱਜਲ ਖ਼ੁਆਰੀ ਨੂੰ ਘਟਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਾਂ।
ਦੱਸ ਦੇਈਏ ਕਿ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅਗੁੰਰਾਲ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਸ਼ਮੂਲੀਅਤ ਕਰ ਲਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਵਿਧਾਇਕੀ ਤੋਂ ਆਪਣਾ ਅਸਤੀਫਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੌਂਪ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਸੀਟ ਖਾਲੀ ਐਲਾਨ ਦਿੱਤੀ ਗਈ ਸੀ। ਇਸ ਸੀਟ ਉੱਤੇ ਹੁਣ 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜਾ ਆਵੇਗਾ।