ਬਿਉਰੋ ਰਿਪੋਰਟ – ਜਲੰਧਰ ਵੈਸਟ ਦੇ ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੀ ਪੈਨ ਡਰਾਈਵਰ ਦਾ ਜਵਾਬ ਉਮੀਦ ਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਾਮ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਕੀਤੀ ਗਈ ਰੈਲੀ ਵਿੱਚ ਦੇਣਗੇ। ਪਰ ਇਸ ‘ਤੇ ਮੁੱਖ ਮੰਤਰੀ ਚੁੱਪ ਰਹੇ। ਪਰ ਸੀਐੱਮ ਮਾਨ ਨੇ ਜਲੰਧਰ ਵੈਸਟ ਸੀਟ ‘ਤੇ ਜਿੱਤ ਹਾਰ ਦੀ ਅਹਿਮੀਅਤ ਲੋਕਾਂ ਨੂੰ ਜ਼ਰੂਰ ਸਮਝਾ ਦਿੱਤੀ। ਉਨ੍ਹਾਂ ਕਿਹਾ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਜੇਕਰ ਜਿੱਤ ਹਾਸਲ ਕਰ ਲਏਗਾ ਤਾਂ ਉਹ ਵਿਕਾਸ ਨਹੀਂ ਕਰ ਸਕੇਗਾ ਕਿਉਂਕਿ ਸਰਕਾਰ ਉਨ੍ਹਾਂ ਦੀ ਹੈ ,ਵਿਰੋਧੀ ਧਿਰ ਦੇ ਉਮੀਦਵਾਰ ਦੀ ਜਿੱਤ ਨਾਲ ਕੋਈ ਇਨਕਲਾਬ ਨਹੀਂ ਆ ਜਾਵੇਗਾ। ਉਨ੍ਹਾਂ ਕਿਹਾ ਤੁਸੀਂ ਮੋਹਿੰਦਰ ਭਗਤ ਨੂੰ ਜਿਤਾਉ ਅਗਲੀ ਪੌੜੀ ਮੈਂ ਚੜਾ ਦੇਵਾਂਗਾ। ਯਾਨੀ ਮੁੱਖ ਮੰਤਰੀ ਮੋਹਿੰਦਰ ਭਗਤ ਨੂੰ ਮੰਤਰੀ ਬਣਾਉਣ ਵੱਲ ਇਸ਼ਾਰਾ ਕਰ ਰਹੇ ਸਨ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਜਲੰਧਰ ਵਿੱਚ ਘਰ ਚੋਣਾਂ ਲ਼ਈ ਨਹੀਂ ਲਿਆ ਹੈ ਬਲਕਿ ਉਹ ਹਫਤੇ ਵਿੱਚ 2 ਦਿਨ ਇੱਥੇ ਹੀ ਰਹਿਣਗੇ ਤਾਂਕੀ ਲੋਕਾਂ ਦੇ ਕੰਮ ਹੋ ਸਕਣ।
ਬੀਤੇ ਦਿਨੀ ਰੋਡ ਸ਼ੋਅ ਦੌਰਾਨ ਸੀਐੱਮ ਮਾਨ ਨੇ ਸ਼ੀਤਲ ਦੀ ਚੁਣੌਤੀ ਦੇ ਜਵਾਬ ਵਿੱਚ ਕਿਹਾ ਕਿ ਉਹ 5 ਜੁਲਾਈ ਦਾ ਇੰਤਜ਼ਾਰ ਨਾ ਕਰਨ 4 ਜੁਲਾਈ ਨੂੰ ਵੀ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਅਤੇ ਭੈਣ ਖਿਲਾਫ ਲਗਾਏ ਗਏ ਇਲਜ਼ਾਮ ਦੇ ਸਬੂਤ ਪੇਸ਼ ਕਰਨ। ਵੀਰਵਾਰ 4 ਜੁਲਾਈ ਨੂੰ ਸ਼ੀਤਲ ਨੇ ਚੁਣੌਤੀ ਨੂੰ ਕਬੂਲਿਆ ਅਤੇ ਸੀਐੱਮ ਮਾਨ ਨੂੰ ਬਾਬੂ ਜਗਜੀਵਨ ਰਾਮ ਚੌਕ ‘ਤੇ ਪਹੁੰਚਣ ਦਾ ਚੈਲੰਜ ਦਿੱਤਾ। ਦੁਪਹਿਰ 2 ਤੋਂ 3 ਵਜੇ ਤੱਕ ਸ਼ੀਤਲ 2 ਕੁਰਸੀਆਂ ਲੈਕੇ ਇੰਤਜ਼ਾਰ ਕਰਦੇ ਰਹੇ ਪਰ ਸੀਐੱਮ ਨਹੀਂ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਪੈਨ ਡਰਾਈਵਰ ਵਿਖਾਈ, ਜਿਸ ਵਿੱਚ ਦਾਅਵਾ ਕੀਤਾ ਗਿਆ ਜਲੰਧਰ ਸੈਂਟਰ ਦੇ ਵਿਧਾਇਕ ਰਮਨ ਅਰੋੜਾ ਦੀ ਭ੍ਰਿਸ਼ਟਾਚਾਰ ਦੀ ਵਾਈਸ ਰਿਕਾਰਡਿੰਗ ਹੈ, ਹਾਲਾਂਕਿ ਸ਼ੀਤਲ ਨੇ ਆਪ ਸਬੂਤ ਨੂੰ ਨਸ਼ਰ ਨਹੀਂ ਕੀਤਾ।
10 ਜੁਲਾਈ ਨੂੰ ਹੋਣ ਵਾਲੀ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਨੱਕ ਦਾ ਸਵਾਲ ਬਣ ਗਈ ਹੈ। ਇਸੇ ਲਈ ਉਨ੍ਹਾਂ ਨੇ ਆਪ ਮੋਰਚਾ ਸੰਭਾਲਿਆ ਹੋਇਆ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਜਾਂਦਾ ਹੈ ਜਦੋਂ ਕਿਸੇ ਪਾਰਟੀ ਦਾ ਆਗੂ ਸੀਐੱਮ ਮਾਨ ਪਾਰਟੀ ਵਿੱਚ ਸ਼ਾਮਲ ਨਾ ਕਰਵਾਉਂਦੇ ਹੋਣ।
ਇਹ ਵੀ ਪੜ੍ਹੋ – ਇੱਕ ਹੀ ਝਟਕੇ ਵਿੱਚ ਪਰਿਵਾਰ ਦੇ 4 ਲੋਕਾਂ ਦੀ ਮੌਤ! ਪੂਰੇ ਪਿੰਡ ‘ਚ ਸੋਗ!