Punjab

ਭਰਾ ਨੇ ਪੜ੍ਹਾਈ ਕਰਨ ਲਈ ਮੋਬਾਇਲ ਲੈ ਕੇ ਦਿੱਤਾ ਸੀ, ਲੁਟੇਰਿਆਂ ਨੂੰ ਕਿਵੇਂ ਦੇ ਦਿੰਦੀ, ਇਸ ਲੜਕੀ ਦੀ ਬਹਾਦਰੀ ਬਾਰੇ ਬੱਚਿਆਂ ਨੂੰ ਜ਼ਰੂਰ ਪੜ੍ਹਾਉ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਪਿਛਲੇ ਦਿਨੀਂ ਹਥਿਆਰਬੰਦ ਲੁਟੇਰਿਆਂ ਨਾਲ ਮੁਕਾਬਲਾ ਕਰਨ ਵਾਲੀ ਜਲੰਧਰ ਦੀ ਇੱਕ 15 ਸਾਲਾ ਲੜਕੀ ਦੀ ਬਹਾਦਰੀ ਦੇ ਚਰਚੇ ਚਾਰੇ ਪਾਸੇ ਹੋ ਰਹੇ ਹਨ। ਕੁਸੁਮ ਨਾਂ ਦੀ ਇਸ ਲੜਕੀ ਤੋਂ ਰਾਹ ਜਾਂਦਿਆਂ ਦੋ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਕੁਸੁਮ ਨੇ ਇਹਨਾਂ ਲੁਟੇਰਿਆਂ ਦਾ ਨਾ ਸਿਰਫ ਬਹਾਦਰੀ ਨਾਲ ਮੁਕਾਬਲਾ ਕਰਕੇ ਆਪਣਾ ਮੋਬਾਇਲ ਹੀ ਬਚਾਇਆ, ਬਲਕਿ ਇੱਕ ਲੁਟੇਰੇ ਨੂੰ ਤਾਂ ਪੁਲਿਸ ਦੇ ਹਵਾਲੇ ਕਰਵਾਉਣ ਵਿੱਚ ਵੀ ਸਫਲਤਾ ਹਾਸਲ ਕੀਤੀ।

 

ਦਰਅਸਲ ਕੁਸੁਮ ਜਦੋਂ ਜਲੰਧਰ ਦੇ ਦੀਨ ਦਿਆਲ ਉੁਪਾਧਿਆ ਨਗਰ ਵਿੱਚੋਂ ਲੰਘ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਮੁੰਡਿਆਂ ਵਿੱਚੋਂ ਪਿੱਛੇ ਬੈਠੇ ਮੁੰਡੇ ਨੇ ਕੁਸੁਮ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਕੁਸੁਮ ਨੇ ਟਾਕਰਾ ਕੀਤਾ ਤਾਂ ਉਸ ਬਦਮਾਸ਼ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਹੱਥ ਉੱਤੇ ਵਾਰ ਕਰ ਦਿੱਤਾ। ਬਾਵਜੂਦ ਇਸਦੇ ਕੁਸੁਮ ਨੇ ਉਸ ਲੁਟੇਰੇ ਨੂੰ ਮੋਬਾਇਲ ਖੋਹ ਕੇ ਭੱਜਣ ਨਹੀਂ ਦਿੱਤਾ ਅਤੇ ਉਸ ਚੋਰ ਨੂੰ ਕਮੀਜ਼ ਤੋਂ ਫੜ੍ਹ ਕੇ ਮੋਟਰਸਾਇਕਲ ਤੋਂ ਹੇਠਾਂ ਸੁੱਟ ਲਿਆ।

ਕੁਸੁਮ ਨੇ ਸੁਣਾਈ ਹੱਡ-ਬੀਤੀ

ਕੁਸੁਮ ਨੇ ਦੱਸਿਆ ਕਿ “ਅਸੀਂ ਫ਼ਤਿਹਪੁਰੀ ਮੁਹੱਲੇ ਦੀ ਨੀਂਬੂ ਵਾਲੀ ਗਲੀ ‘ਚ ਰਹਿੰਦੇ ਹਾਂ ਅਤੇ ਉਹ ਐਤਵਾਰ (30 ਅਗਸਤ) ਨੂੰ ਟਿਊਸ਼ਨ ਜਾਣ ਲਈ ਦੁਪਹਿਰ ਲਗਭਗ 2:50 ਵਜੇ ਘਰੋਂ ਪੈਦਲ ਨਿਕਲੀ ਸੀ। ਜਦੋਂ ਉਹ ਦੀਨ ਦਿਆਲ ਉੁਪਾਧਿਆ ਨਗਰ ਵਿੱਚੋਂ ਲੰਘ ਰਹੀ ਸੀ ਤਾਂ ਦੋ ਨੌਜਵਾਨ ਮੋਟਰਸਾਈਕਲ ਉੱਤੇ ਆਏ ਅਤੇ ਮੈਨੂੰ ਗ਼ੌਰ ਦੇਖਣ ਲੱਗੇ। ਇਸ ਕਰਕੇ ਮੈਂ ਬੈਗ ਵਿੱਚੋਂ ਫ਼ੋਨ ਕੱਢਿਆ ਅਤੇ ਪਿਤਾ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ।

ਕੁਸੁਮ ਨੇ ਅੱਗੇ ਦੱਸਿਆ, ”ਬਾਈਕ ਦੇ ਮਗਰ ਬੈਠਿਆ ਮੁੰਡਾ ਮੇਰੇ ਪਿੱਛੇ ਪੈਦਲ ਆਇਆ ਅਤੇ ਮੇਰੇ ਹੱਥੋਂ ਮੋਬਾਈਲ ਖੋਹ ਲਿਆ। ਫ਼ੋਨ ਖੋਹਿਆ ਤਾਂ ਮੈਂ 50 ਮੀਟਰ ਤੱਕ ਦੌੜਨ ਤੋਂ ਬਾਅਦ ਗਲੀ ਦੇ ਮੋੜ ਉੱਤੇ ਬਾਈਕ ਉੱਤੇ ਬਹਿ ਚੁੱਕੇ ਲੁਟੇਰੇ ਦੀ ਟੀ-ਸ਼ਰਟ ਨੂੰ ਫੜ੍ਹ ਕੇ ਹੇਠਾਂ ਢਾਹ ਲਿਆ। ਉਸ ਦੇ ਹੱਥ ਵਿੱਚ ਹਥਿਆਰ ਸਨ ਤੇ ਉਹ ਜ਼ਮੀਨ ਉੱਤੇ ਡਿੱਗ ਗਿਆ। ਉਸ ਤੋਂ ਬਾਅਦ ਜ਼ਮੀਨ ਉੱਤੇ ਡਿੱਗੇ ਤੇਜ਼ਧਾਰ ਹਥਿਆਰ ਨੂੰ ਚੁੱਕ ਕੇ ਉਸ ਨੇ ਮੇਰੇ ਗੁੱਟ ‘ਤੇ ਮਾਰਿਆ। ਮੈਂ ਲੁਟੇਰੇ ਨੂੰ ਫੜਿਆ ਤੇ ਉਦੋਂ ਤੱਕ ਨਹੀ ਛੱਡਿਆ ਜਦੋਂ ਤੱਕ ਲੋਕਾਂ ਨੇ ਉਸ ਨੂੰ ਫੜ ਨਹੀਂ ਲਿਆ। ਇਸ ਤੋਂ ਬਾਅਦ ਬਾਈਕ ਉੱਤੇ ਸਵਾਰ ਦੂਜਾ ਲੁਟੇਰਾ ਮੌਕੇ ਤੋਂ ਭੱਜ ਗਿਆ।

 

ਕੁਸੁਮ ਜਲੰਧਰ ਦੇ ਕਬੀਰ ਨਗਰ ਵਿੱਚ ਡੀਏਵੀ ਕਾਲਜ ‘ਚ 8ਵੀਂ ਜਮਾਤ ਦੀ ਵਿਦਿਆਰਥਣ ਹੈ। 15 ਸਾਲ ਦੀ ਕੁਸੁਮ ਦੀ ਵੱਡੀ ਭੈਣ ਪੂਨਮ 12ਵੀਂ ਪਾਸ ਅਤੇ ਭਰਾ ਪ੍ਰਮੋਦ 10ਵੀਂ ਪਾਸ ਹਨ। ਉਸ ਦੇ ਭੈਣ-ਭਰਾ ਪੜ੍ਹਾਈ ਛੱਡ ਚੁੱਕੇ ਹਨ ਅਤੇ ਡਰਾਈਵਿੰਗ ਦੇ ਨਾਲ-ਨਾਲ ਮਜ਼ਦੂਰੀ ਵੀ ਕਰ ਲੈਂਦੇ ਹਨ।

ਕੁਸੁਮ ਨੇ ਦੱਸਿਆ ਕਿ “ਜਦੋਂ ਲੌਕਡਾਊਨ ਹੋਇਆ ਤਾਂ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ। ਉਸਦੇ ਭਰਾ ਨੇ ਖ਼ੁਦ ਦੀ ਕਮਾਈ ‘ਚੋਂ ਸਮਾਰਟ ਫ਼ੋਨ ਲੈ ਕੇ ਦਿੱਤਾ ਸੀ ਤਾਂ ਜੋ ਮੈਂ ਪੜ੍ਹਾਈ ਕਰਕੇ ਪੁਲਿਸ ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰ ਸਕਾਂ। ਕੁਸੁਮ ਦੀ ਮਾਂ ਰਾਜ ਕੁਮਾਰੀ ਘਰਾਂ ਵਿੱਚ ਕੰਮ ਕਰਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੁਸ਼ਿਆਰ ਹਨ ਤੇ ਉਹ ਚਾਹੁੰਦੇ ਹਨ ਕਿ ਬੱਚੇ ਪੜ੍ਹਨ।

ਵੀਡੀਓ ਦੇਖੀ ਤਾਂ ਹੈਰਾਨ ਹੋਈ ਕੁਸੁਮ

ਕੁਸੁਮ ਨੇ ਕਿਹਾ ਕਿ ਜਦੋਂ ਉਸਨੇ ਸਾਰੀ ਘਟਨਾ (31 ਅਗਸਤ) ਨੂੰ ਸੀਸੀਟੀਵੀ ਫੁਟੇਜ ਰਾਹੀਂ ਦੇਖਿਆ ਤਾਂ ਹੈਰਾਨ ਰਹਿ ਗਈ ਕਿ ਉਸ ਵਿੱਚ ਇਹ ਹਿੰਮਤ ਕਿੱਥੋਂ ਆ ਗਈ। ਹਾਲਾਂਕਿ ਲੁਟੇਰੇ ਨਾਲ ਹੱਥੋ-ਪਾਈ ਵਿੱਚ ਕੁਸੁਮ ਨੂੰ ਕਾਫੀ ਸੱਟਾਂ ਵੱਜੀਆਂ। ਮੁਹੱਲਾ ਨਿਵਾਸੀ ਮੰਗਤ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਹੋਰ ਲੋਕਾਂ ਨੇ ਜਲੰਧਰ ਦੇ ਕਪੂਰਥਲਾ ਚੌਕ ਵਿੱਚ ਡਾ. ਮੁਕੇਸ਼ ਜੋਸ਼ੀ ਕੋਲ ਦਾਖਲ ਕਰਵਾਇਆ ਜਿੱਥੇ ਕੁਸੁਮ ਦੇ ਹੱਥ ਦੀ ਸਰਜਰੀ ਹੋਈ।

ਕੁਸੁਮ ਨੇ ਕਿਹਾ, ”ਮੇਰਾ ਪੁਲਿਸ ਅਫ਼ਸਰ ਦਾ ਸੁਪਨਾ ਪੂਰਾ ਕਰਨ ਦੇ ਲਈ ਪਰਿਵਾਰ ਦਾ ਹਰ ਮੈਂਬਰ ਪੂਰੀ ਮੱਦਦ ਕਰਦਾ ਹੈ। ਕੋਰੋਨਾ ਦੇ ਵਕਤ ਮੇਰੇ ਭਰਾ ਨੇ ਪਸੀਨਾ ਵਹਾ ਕੇ ਪੈਸਾ ਕਮਾਇਆ ਤੇ ਮੈਨੂੰ ਆਨਲਾਈਨ ਪੜ੍ਹਾਈ ਦੇ ਲਈ ਫ਼ੋਨ ਲੈ ਕੇ ਦਿੱਤਾ ਸੀ ਤੇ ਮੈਂ ਕਿਵੇਂ ਕਿਸੇ ਲੁਟੇਰੇ ਨੂੰ ਇਹ ਫ਼ੋਨ ਲੈ ਕੇ ਜਾਣ ਦਿੰਦੀ।”

ਲੁੱਟ-ਖੋਹ ਕਰਨ ਵਾਲੇ ਇਹਨਾਂ ਲੁਟੇਰਿਆਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ:

ਕੁਸੁਮ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਦੇ ਸ਼ਿਵਾ ਜੀ ਨਗਰ ਦਾ ਰਹਿਣ ਵਾਲਾ 22 ਸਾਲ ਦਾ ਮੁੰਡਾ ਅਵਿਨਾਸ਼ ਕੁਮਾਰ ਉਰਫ਼ ਆਸ਼ੂ ਹੈ। ਉਹ ਲੰਘੀ ਜੁਲਾਈ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਉੱਤੇ ਲੁੱਟ-ਖੋਹ ਦੇ ਮਾਮਲੇ ਚੱਲ ਰਹੇ ਹਨ।

ਡੀਸੀਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ FIR ਨੰਬਰ 116 ਅਧੀਨ 389 ਬੀ, 307 ਅਤੇ 34 ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਸਾਥੀ ਵਿਨੋਦ ਦੀ ਭਾਲ ਜਾਰੀ ਹੈ। ਵਿਨੋਦ ਦੇ ਖ਼ਿਲਾਫ਼ 4 ਅਤੇ ਆਸ਼ੂ ਦੇ ਖ਼ਿਲਾਫ਼ 6 ਮਾਮਲੇ ਪਹਿਲਾਂ ਹੀ ਦਰਜ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੁਸੁਮ ਦੀ ਬਹਾਦਰੀ ਨੂੰ ਦੇਖਦਿਆਂ ਉਸ ਨੂੰ ਕੌਮੀ ਬਹਾਦਰੀ ਐਵਾਰਡ ਦੇਣ ਲਈ ਸਿਫ਼ਾਰਿਸ਼ ਕੀਤੀ ਹੈ।