India

ਮਨੀਪੁਰ ਅਤੇ ਨਾਗਾਲੈਂਡ ਨੂੰ ਜੋੜਨ ਵਾਲੇ ਪੁਲ ਨੂੰ ਆਈਈਡੀ ਨਾਲ ਉਡਾਇਆ

ਮਨੀਪੁਰ : ਲੋਕ ਸਭਾ ਚੋਣਾਂ ( ਦੇ ਦੂਜੇ ਪੜਾਅ ਤੋਂ 2 ਦਿਨ ਪਹਿਲਾਂ ਮਣੀਪੁਰ ਵਿੱਚ 3 ਧਮਾਕੇ ਹੋਏ ਹਨ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਹੋਏ ਇਨ੍ਹਾਂ ਧਮਾਕਿਆਂ ਨੇ ਕਾਂਗਪੋਕਪੀ ਜ਼ਿਲੇ ‘ਚ ਸਥਿਤ ਇਕ ਪੁਲ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਘਟਨਾ ‘ਚ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਪਰ ਇਹ ਇੰਫਾਲ ਨੂੰ ਨਾਗਾਲੈਂਡ ‘ਚ ਸਥਿਤ ਦੀਮਾਪੁਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-2 ‘ਤੇ ਆਵਾਜਾਈ ਨੂੰ ਪ੍ਰਭਾਵਤ ਕਰੇਗਾ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਪੁਲਿਸ ਨੇ ਦੱਸਿਆ ਕਿ ਆਈਈਡੀ ਧਮਾਕਾ ਰਾਤ ਕਰੀਬ 12.45 ਵਜੇ ਸਪਰਮੀਨਾ ਅਤੇ ਕੋਬਰੂ ਲੀਖਾ ਵਿਚਕਾਰ ਪੁਲ ‘ਤੇ ਹੋਇਆ। ਧਮਾਕੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਪਰ ਮਨੀਪੁਰ ਦੀ ਰਾਜਧਾਨੀ ਇੰਫਾਲ ਨੂੰ ਨਾਗਾਲੈਂਡ ਦੇ ਦੀਮਾਪੁਰ ਨਾਲ ਜੋੜਨ ਵਾਲੇ ਪੁਲ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।

ਅਜੇ ਤੱਕ ਕਿਸੇ ਗਰੁੱਪ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਅਤੇ ਆਸਪਾਸ ਦੇ ਇਲਾਕਿਆਂ ਦੀ ਜਾਂਚ ਕੀਤੀ ਹੈ। ਇਸ ਤੋਂ ਇਲਾਵਾ ਹੋਰ ਪੁਲਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਮਣੀਪੁਰ ‘ਚ ਹਿੰਸਾ ਹੋਈ ਸੀ। ਗੋਲੀਬਾਰੀ ਹੋਈ ਅਤੇ ਕਈ ਈਵੀਐਮ ਨਸ਼ਟ ਹੋ ਗਈਆਂ। ਇਸ ਕਾਰਨ ਸੂਬੇ ਦੇ 11 ਪੋਲਿੰਗ ਸਟੇਸ਼ਨਾਂ ‘ਤੇ 22 ਅਪ੍ਰੈਲ ਨੂੰ ਮੁੜ ਪੋਲਿੰਗ ਕਰਵਾਈ ਗਈ ਸੀ। ਉਦੋਂ ਤੋਂ ਇੰਫਾਲ ਪੱਛਮੀ ਅਤੇ ਕੰਗਪੋਕਪੀ ਜ਼ਿਲ੍ਹਿਆਂ ਦੀ ਸਰਹੱਦ ‘ਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।