ਫਿਰੋਜ਼ਪੁਰ – (ਰਾਹੁਲ ਕਾਲਾ) – ਜ਼ੀਰਾ ਸ਼ਰਾਬ ਫੈਕਟਰੀ ਖਿਲਾਫ਼ ਚੱਲ ਰਹੇ ਧਰਨੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਜ਼ਬਰੀ ਕਾਰਵਾਈ ਉਦੋਂ ਦੇਖਣ ਨੂੰ ਮਿਲੀ ਜਦੋਂ UPSC ਦੀ ਤਿਆਰੀ ਕਰ ਰਹੇ ਨੌਜਵਾਨ ਨੂੰ ਹੀ ਪ੍ਰਦਰਸ਼ਨਾਰੀ ਸਮਝ ਹਿਰਾਸਤ ਲੈ ਲਿਆ ਤੇ 5 ਰਾਤਾਂ ਸੈਂਟਰ ਜੇਲ੍ਹ ‘ਚ ਕੱਟਣ ਤੋ਼ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
24 ਸਾਲ ਦਾ ਨੌਜਵਾਨ ਪਰਪ੍ਰੀਤ ਸਿੰਘ ਜ਼ੀਰਾ ਦੇ ਪਿੰਡ ਰਟੌਲ ਰੋਹੀ ਦਾ ਰਹਿਣ ਵਾਲਾ ਹੈ। ਪਰਪ੍ਰੀਤ ਸਿੰਘ ਆਪਣੀ BA ਦੀ ਪੜ੍ਹਾਈ ਖ਼ਤਮ ਕਰਕੇ ਸਿਵਲ ਸਰਵਿਸਜ਼ ਲਈ ਤਿਆਰੀ ਕਰ ਰਿਹਾ ਹੈ। ਨੌਜਵਾਨ ਦਾ ਪਿੰਡ ਸ਼ਰਾਬ ਫੈਕਟਰੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਹੈ।
ਪਰਪ੍ਰੀਤ ਸਿੰਘ ਦੇ ਦੱਸਿਆ ਕਿ 18 ਦਸੰਬਰ ਨੂੰ ਉਹ ਫਿਰੋਜ਼ਪੁਰ ਰੋਡ ‘ਤੇ ਆਪਣੀ ਦੁਕਾਨ ‘ਤੇ ਬੈਠਾ ਸੀ। ਇਸ ਦੌਰਾਨ ਸ਼ਰਾਬ ਫੈਕਟਰੀ ਨੂੰ ਜਾਂਦੇ ਰਸਤੇ ਯਾਨੀ ਟੀ-ਪੁਆਇੰਟ ‘ਤੇ ਉਹ ਦੁਕਾਨ ‘ਚ ਬੈਠ ਪੜ੍ਹਾਈ ਕਰ ਰਿਹਾ ਸੀ ਤਾਂ ਇਸ ਦੌਰਾਨ ਸਵੇਰ 9 ਵਜੇ ਦੇ ਕਰੀਬ ਪ੍ਰਦਰਸ਼ਨਕਾਰੀ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤੇ ਫੈਕਟਰੀ ਵੱਲ ਮਾਰਚ ਕਰਨ ਲੱਗੇ। ਜਿਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਨੂੰ ਦੇਖਦੇ ਪਰਪ੍ਰੀਤ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਲੱਗਦਾ ਤਾਂ ਪੁਲਿਸ ਨੇ ਜ਼ਬਰਦਸਤੀ ਉਸ ਨੂੰ ਹਿਰਾਸਤ ‘ਚ ਲੈ ਲਿਆ। ਘਸੀਟਦੇ ਹੋਏ ਬਾਕੀ ਪ੍ਰਦਰਸ਼ਨਕਾਰੀਆਂ ਵਾਂਗ ਉਸ ਨੂੰ ਵੀ ਪੁਲਿਸ ਵੈਨ ‘ਚ ਬੈਠਾ ਕੇ ਪਹਿਲਾਂ ਜ਼ੀਰਾ ਥਾਣੇ ਲਿਆਂਦਾ ਗਿਆ ਤੇ ਫਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਸ਼ਿਫਟ ਕਰ ਦਿੱਤਾ। ਜਿੱਥੇ ਉਸ ਨੇ 5 ਰਾਤਾਂ ਜੇਲ੍ਹ ਵਿੱਚ ਹੀ ਕੱਟੀਆਂ।
ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦੇ ਹੋਏ ਨੌਜਵਾਨ ਪਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦਾ ਕਿਸੇ ਵੀ ਕਿਸਾਨ ਜਥੇਬੰਦੀ ਤੇ ਨਾ ਹੀ ਧਰਨੇ ਨਾਲ ਕੋਈ ਸਬੰਧ ਹੈ। ਰੋਜ਼ਾਨਾਂ ਦੀ ਤਰ੍ਹਾ ਆਪਣੇ ਪਿਤਾ ਦੀ ਦੁਕਾਨ ‘ਤੇ ਬੈਠਾ ਹੋਇਆ ਸੀ ਕਿ ਪੁਲਿਸ ਨੇ ਬਿਨਾ ਕਾਰਨ ਦੱਸੇ ਧੱਕੇ ਨਾਲ ਉਸ ਖਿਲਾਫ਼ ਕਾਰਵਾਈ ਕਰ ਦਿੱਤੀ। ਪਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਦੇ ਇਸ ਐਕਸ਼ਨ ਨਾਲ ਉਸ ਦਾ ਕਰੀਅਰ ਦਾਅ ‘ਤੇ ਲੱਗ ਗਿਆ।
ਜੇਕਰ ਉਸ ਖਿਲਾਫ਼ ਵੀ ਕੋਈ ਪਰਚਾ ਦਰਜ ਹੋ ਜਾਂਦਾ ਤਾਂ ਉਹ ਹੋ ਕਿਸੇ ਵੀ ਸਰਕਾਰੀ ਨੌਕਰੀ ਲਈ ਅਪਲਾਈ ਨਹੀਂ ਕਰ ਸਕਦਾ ਸੀ। ਪਰਪ੍ਰੀਤ ਸਿੰਘ ਨੇ ਕਿਹਾ ਕਿ 5 ਰਾਤਾਂ ਜੇਲ੍ਹ ‘ਚ ਕੱਟਣ ਨਾਲ ਉਸ ਨੂੰ ਤੇ ਪੂਰੇ ਪਰਿਵਾਰ ਨੂੰ ਮਾਨਸਿਕ ਪਰੇਸ਼ਾਨੀ ਵੀ ਝੱਲਣੀ ਪਈ। ਕਿਉਂਕਿ ਜਦੋਂ ਪੁਲਿਸ ਨੇ ਹਿਰਾਸਤ ‘ਚ ਲਿਆ ਸੀ ਤਾਂ ਨੌਜਵਾਨ ਦੇ ਪਰਿਵਾਰ ਨੂੰ ਵੀ ਨਹੀਂ ਸੀ ਪਤਾ ਕਿ ਉਹਨਾਂ ਦਾ ਲੜਕਾ ਕਿੱਥੇ ਹੈ। ਫਿਰ ਪਰਪ੍ਰੀਤ ਸਿੰਘ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਆਪਣੇ ਘਰ ਫੋਨ ਕਰਕੇ ਪੁਲਿਸ ਕਸਟਡੀ ਚੋਂ ਉਸ ਨੂੰ ਛੁੜਵਾਉਣ ਦੀ ਅਪੀਲ ਕੀਤੀ।
18 ਦਸੰਬਰ ਨੂੰ ਜ਼ੀਰਾ ਸ਼ਰਾਬ ਫੈਕਟਰੀ ਨੇੜੇ ਪੁਲਿਸ ਤੇ ਪ੍ਰਰਦਸ਼ਨਕਾਰੀਆਂ ਵਿਚਾਲੇ ਕਾਫ਼ੀ ਤਿੱਖੀ ਝੜਪ ਦੇਖਣ ਨੂੰ ਮਿਲੀ ਸੀ। ਪੁਲਿਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਫੈਕਟਰੀ ਨੇੜੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਸਾਰੀਆਂ ਰੋਕਾਂ ਤੋੜਦੇ ਹੋਏ ਫੈਕਟਰੀ ਮੁਹਰੇ ਡੇਰੇ ਲਗਾ ਲਏ ਸਨ। ਤਾਂ ਇਸ ਕਾਰਵਾਈ ਦੌਰਾਨ ਪਰਪ੍ਰੀਤ ਸਿੰਘ ਦੇ ਨਾਲ ਨਾਲ ਉਸ ਦੀ ਉਮਰ ਦੇ ਚਾਰ ਹੋਰ ਨੌਜਵਾਨਾਂ ਨੂੰ ਪੁਲਿਸ ਨੇ ਬਿਨਾ ਕਾਰਨ ਆਪਣੀ ਕਸਟਡੀ ‘ਚ ਲੈ ਲਿਆ ਸੀ।