Punjab

ਪਾਣੀ ਵਾਲੀ ਟੈਂਕੀ ਵਿੱਚੋਂ ਮਿਲਿਆ ਦੋ ਦਿਨ ਪਹਿਲਾਂ ਲਾਪਤਾ ਹੋਇਆ ਅੱਠ ਸਾਲਾ ਬੱਚਾ

The body of an eight-year-old child who went missing two days ago was found in a water tank

ਫਰੀਦਕੋਟ ਦੇ ਸੰਜੇ ਨਗਰ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਫਿਰੋਜ਼ਪੁਰ ਦੇ ਰਹਿਣ ਵਾਲੇ 8 ਸਾਲਾ ਬੱਚੇ ਦੀ ਲਾਸ਼ ਸ਼ਨੀਵਾਰ ਨੂੰ ਵਾਟਰ ਵਰਕਸ ਦੀ ਟੈਂਕੀ ਤੋਂ ਬਰਾਮਦ ਹੋਈ। ਸ਼ੁੱਕਰਵਾਰ ਨੂੰ ਹੀ ਪੁਲਿਸ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਸ਼ਨੀਵਾਰ ਨੂੰ ਬੱਚੇ ਦੀ ਲਾਸ਼ ਬਰਾਮਦ ਕਰ ਲਈ।

ਫ਼ਿਰੋਜ਼ਪੁਰ ਦੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੀ ਵਸਨੀਕ ਸੰਦੀਪ ਕੌਰ ਪਤਨੀ ਭਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਰਿਸ਼ਤੇਦਾਰ ਫ਼ਰੀਦਕੋਟ ਦੇ ਸੰਜੇ ਨਗਰ ਵਿੱਚ ਰਹਿੰਦੇ ਹਨ। ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਉਹ 1 ਜੂਨ ਨੂੰ ਆਪਣੇ ਤਿੰਨ ਬੱਚਿਆਂ ਨਾਲ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਉਸੇ ਦਿਨ ਉਸ ਦਾ ਅੱਠ ਸਾਲਾ ਪੁੱਤਰ ਗੁਰਨੂਰ ਸਿੰਘ ਹੋਰ ਬੱਚਿਆਂ ਨਾਲ ਗਲੀ ਵਿੱਚ ਖੇਡ ਰਿਹਾ ਸੀ। ਕਾਫੀ ਦੇਰ ਬਾਅਦ ਬੱਚੇ ਘਰ ਵਾਪਸ ਆਏ ਪਰ ਗੁਰਨੂਰ ਵਾਪਸ ਨਹੀਂ ਆਇਆ।

ਪੁੱਛਣ ‘ਤੇ ਉਸ ਨੂੰ ਕੁਝ ਪਤਾ ਨਹੀਂ ਲੱਗਾ। ਗੁਰਨੂਰ ਦੀ ਹਰ ਥਾਂ ਭਾਲ ਕੀਤੀ ਗਈ ਪਰ ਉਸ ਬਾਰੇ ਕੋਈ ਜਾਣਕਾਰੀ ਨਾ ਮਿਲਣ ’ਤੇ ਉਸ ਨੇ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾਈ। ਥਾਣਾ ਸਿਟੀ 2 ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਗੁਰਨੂਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸ਼ਨੀਵਾਰ ਨੂੰ ਪੁਲਿਸ ਨੂੰ ਗੁਰਨੂਰ ਦੀ ਲਾਸ਼ ਵਾਟਰ ਵਰਕਸ ਦੀ ਟੈਂਕੀ ‘ਚ ਹੇਠਾਂ ਪਈ ਮਿਲੀ।

ਥਾਣਾ ਸਿਟੀ 2 ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਬੱਚੇ ਗੁਰਨੂਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਬੱਚਾ ਗਲਤੀ ਨਾਲ ਟੈਂਕੀ ਵਿੱਚ ਡਿੱਗਿਆ ਜਾਂ ਕਿਸੇ ਨੇ ਜਾਣ ਬੁੱਝ ਕੇ ਉੱਥੇ ਸੁੱਟ ਦਿੱਤਾ।