Punjab

ਸਿੱਧੂ-ਮਜੀਠੀਆ ਦੀ ਜੱਫ਼ੀ ‘ਤੇ CM ਮਾਨ ਦਾ ਤੰਜ਼, ਕਿਹਾ ਅਸਲੀ ਚਿਹਰਾ ਸਾਹਮਣੇ ਆਇਆ

CM Mann's sarcasm on Sidhu-Majithia's hug, said the real face came out

ਚੰਡੀਗੜ੍ਹ : ਜਲੰਧਰ ਵਿੱਚ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਪਈ ਜੱਫੀ ‘ਤੇ ਸਿਆਸਤ ਗਰਮਾ ਗਈ ਹੈ। ਇਸ ਜੱਫੀ ‘ਤੇ ਨਾ ਸਿਰਫ ਵਿਰੋਧੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਸਗੋਂ  ਕਾਂਗਰਸ ਪਾਰਟੀ ਦੇ ਲੋਕ ਵੀ ਇਸ ਮਾਮਲੇ ‘ਚ ਪਿੱਛੇ ਨਹੀਂ ਹਨ। ਸਵੇਰੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੋਂ ਬਾਅਦ ਸ਼ਾਮ ਨੂੰ ਇਸ ਜੱਫੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਾਅਨਾ ਵੀ ਆ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਗਿਆ ਹੈ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਦੋਹਾਂ ਨੂੰ ਜੁੱਤੀਆਂ ਪਾਉਂਦੇ ਦੇਖਿਆ ਹੈ। ਦੋਵਾਂ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਗਿਆ। ਅੱਜ ਨੌਜਵਾਨਾਂ ਦੇ ਹੱਥਾਂ ਵਿੱਚ ਮੋਬਾਈਲ ਹਨ, ਪੁਰਾਣੇ ਵੀਡੀਓ ਵੀ ਸਾਹਮਣੇ ਆਉਂਦੇ ਹਨ।

ਪੁਰਾਣੀਆਂ ਵੀਡੀਓਜ਼ ‘ਚ ਲੋਕ ਦੇਖ ਰਹੇ ਹਨ ਕਿ ਪਹਿਲਾਂ ਇਹ ਇਕ ਦੂਜੇ ਬਾਰੇ ਕੀ ਕਹਿੰਦੇ ਸੀ ਤੇ ਹੁਣ ਕੀ ਕਹਿ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਦਿਲ ‘ਚ ਹੁੰਦਾ ਹੈ, ਜ਼ੁਬਾਨ ‘ਤੇ ਵੀ ਉਹੀ ਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਾਅਨਾ ਵੀ ਮਾਰਿਆ ਕਿ ਉਹ ਇੱਥੇ ਇਸ ਲਈ ਆਏ ਹਨ ਤਾਂ ਜੋ ਗਰੀਬਾਂ ਦਾ ਹੱਕ ਕੋਈ ਖੋਹ ਨਾ ਸਕੇ ਪਰ ਜੋ ਲੋਕ ਪਹਿਲਾਂ ਆਉਂਦੇ ਰਹੇ ਹਨ, ਉਹ ਆਪਣੇ ਘਰਾਂ ਨੂੰ ਸੰਭਾਲਦੇ ਰਹੇ। ਉਹ ਆਪਣੀਆਂ ਪੀੜ੍ਹੀਆਂ, ਚਾਚਿਆਂ, ਭਤੀਜਿਆਂ, ਭਾਣਜਿਆਂ ਤੱਕ ਹੀ ਸੀਮਤ ਰਹੇ।

ਦੱਸ ਦਈਏ ਕਿ ਕੱਲ ਦੇਰ ਸ਼ਾਮ ਜਲੰਧਰ ਵਿਖੇ ਪੰਜਾਬ ਦੇ ਸਿਆਸੀ ਆਗੂਆਂ ਵੱਲੋਂ ਇਕੱਠ ਕੀਤਾ ਗਿਆ ਸੀ ।ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸੱਦਿਆ ਅਤੇ ਜੱਫੀ ਪਾਈ ਸੀ।

ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ ਜੋ ਭਵਿੱਖ ਵਿੱਚ ਵੀ ਰਹਿਣਗੇ।ਸਿੱਧੂ ਨੇ ਕਿਹਾ ਕਿ ਦੂਰੀ ਇੰਨੀ ਵੀ ਨਹੀਂ ਹੋਣੀ ਚਾਹੀਦੀ ਕਿ ਹੱਥ ਮਿਲਾਉਣ ਦੇ ਵੀ ਯੋਗ ਨਾ ਰਹੋ। ਉਨ੍ਹਾਂ ਕਿਹਾ ਕਿ ਮੈਂ ਮਜੀਠੀਆ ਨਾਲ ਕਾਫੀ ਦੂਰੀ ਬਣਾ ਲਈ ਸੀ, ਮੈਂ ਮੰਨਦਾ ਹਾਂ ਕਿ ਇਹ ਮੇਰੀ ਗਲਤੀ ਸੀ। ਬੰਦੇ ਦੇ ਚਾਹੇ ਜਿੰਨੇ ਮਰਜ਼ੀ ਮਨ ਮਟਾਵ ਕਿਉਂ ਨਾ ਹੋਣ ਪਰ ਜਦੋਂ ਉਹ ਦੁਨੀਆ ਦੇ ਸਾਹਮਣੇ ਮਿਲਣ ਤਾਂ ਘੱਟੋ-ਘੱਟ ਹੱਥ ਮਿਲਾਉਣ ਦੇ ਲਾਇਕ ਤਾਂ ਹੋਣ। ਮੇਰੇ ਵੀ ਮਤਭੇਦ ਹਨ, ਪਰ ਉਹ ਸਿਆਸੀ ਹਨ।

ਜਿਕਰਯੋਗ ਹੈ ਕਿ ਜਦੋਂ ਤੱਕ ਦੋਵੇਂ ਜੇਲ੍ਹ ਨਹੀਂ ਗਏ ਸਨ, ਉਦੋਂ ਤੱਕ ਇੱਕ ਦੂਜੇ ਨੂੰ ਜੇਲ੍ਹ ਭੇਜਣ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਪਰ, ਜਦੋਂ ਦੋਵਾਂ ਨੇ ਪਟਿਆਲਾ ਜੇਲ੍ਹ ਵਿੱਚ ਸਾਲ ਸਾਲ ਬਿਤਾਏ ਤਾਂ ਉੱਥੇ ਦੇ ਭੋਜਨ ਅਤੇ ਪਾਣੀ ਨੇ ਇੱਕ ਦੂਜੇ ਪ੍ਰਤੀ ਦੁਸ਼ਮਣੀ ਖਤਮ ਕਰ ਦਿੱਤੀ। ਪਿਛਲੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਵੀ ਸਿੱਧੂ ਨੇ ਮਜੀਠੀਆ ਖਿਲਾਫ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।