ਜ਼ੀਰਕਪੁਰ ਤੋਂ ਕਰੀਬ ਇੱਕ ਮਹੀਨੇ ਤੋਂ ਲਾਪਤਾ ਨੌਜਵਾਨ ਦੀ ਗਲੀ ਸੜੀ ਲਾਸ਼ ਪੀਰਮੁੱਛਲਾ ਪਿੰਡ ਨੇੜੇ ਛੱਪੜ ਵਿੱਚੋਂ ਬਰਾਮਦ ਹੋਈ। ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਦੀ ਸ਼ਨਾਖਤ ਕਰਵਾ ਕੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਨਾਇਕ ਅੱਸਰੀ ਵਾਸੀ ਪੀਰਮੁੱਛਲਾ ਬੀਤੇ ਕਰੀਬ ਇੱਕ ਮਹੀਨੇ ਤੋਂ ਲਾਪਤਾ ਸੀ। ਉਸਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਲੰਘੇ ਕੱਲ੍ਹ ਕਿਸੇ ਦੁਕਾਨਦਾਰ ਵੱਲੋਂ ਢਕੌਲੀ ਪੁਲੀਸ ਨੂੰ ਪਿੰਡ ਪੀਰਮੁੱਛਲਾ ਨੇੜੇ ਛੱਪੜ ਵਿੱਚ ਕਿਸੇ ਦੀ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ ਸੀ।
ਪੁਲਿਸ ਨੇ ਮੌਕੇ ’ਤੇ ਜਾ ਕੇ ਵੇਖਿਆਂ ਤਾਂ ਲਾਸ਼ ਕਾਫੀ ਪੁਰਾਣੀ ਹੋ ਜਾਣ ਕਾਰਨ ਗਲ ਚੁੱਕੀ ਸੀ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਲਾਪਤਾ ਹੋਏ ਨੌਜਵਾਨ ਦੇ ਵਾਰਸਾਂ ਤੋਂ ਲਾਸ਼ ਦੀ ਪਛਾਣ ਕਰਵਾਈ ਜਿਨ੍ਹਾਂ ਨੇ ਮ੍ਰਿਤਕ ਦੇ ਸ਼ਰੀਰ ਤੇ ਬਣੇ ਟੈਟੂਆਂ ਨਾਲ ਉਸ ਦੀ ਪਛਾਣ ਕੀਤੀ।
ਸ਼ੱਕੀ ਹਾਲਤ ਵਿੱਚ ਨੌਜਵਾਨ ਲਾਪਤਾ
ਦੂਜੇ ਪਾਸੇ ਜ਼ੀਰਕਪੁਰ ਦੀ ਵੀਆਈਪੀ ਸੜਕ ਤੇ ਸਥਿਤ ਔਰਬਿਟ ਸੁਸਾਇਟੀ ਵਿੱਚੋਂ ਨੌਜਵਾਨ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਿਆ। ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰ ਕੇ ਉਸ ਦੀ ਭਾਲ ਆਰੰਭ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਵੇਕ ਕੌਸ਼ਿਕ ਵਾਸੀ ਔਰਬਿਟ ਸੁਸਾਇਟੀ ਨੇ ਦੱਸਿਆ ਕਿ ਰਜਤ ਭੂਟਾਨੀ ਵਾਸੀ ਆਦਰਸ਼ ਨਗਰ ਕਰਨਾਲ ਬੀਤੀ 25 ਜਨਵਰੀ ਨੂੰ ਅਚਾਨਕ ਬਿਨਾਂ ਕਿਸੇ ਨੂੰ ਦੱਸੇ ਕਿਧਰੇ ਚਲਾ ਗਿਆ। ਉਸ ਤੋਂ ਬਾਅਦ ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਉਸਨੇ ਦੱਸਿਆ ਕਿ ਕਿ ਹੁਣ ਤੱਕ ਉਹ ਅਪਣੇ ਪੱਧਰ ਤੇ ਰਜਤ ਦੀ ਭਾਲ ਕਰਦਾ ਰਿਹਾ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ।