Punjab

ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ‘ਚ 15 ਥਾਵਾਂ ‘ਤੇ ਰੇਲਾਂ ਰੋਕਣਗੇ ਕਿਸਾਨ

 ਮੁਹਾਲੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ 29 ਜਨਵਰੀ ਨੂੰ ਤਿੰਨ ਘੰਟੇ ਵਾਸਤੇ ਪੰਜਾਬ ਦੇ 12 ਜ਼ਿਲ੍ਹਿਆਂ ਵਿਚ ਰੇਲਾਂ ਰੋਕੀਆਂ ਜਾਣਗੀਆਂ। ਦੁਪਹਿਰ 12.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਇਹ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਜਿਹੇ ‘ਚ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

29 ਜਨਵਰੀ ਨੂੰ ਸੂਬੇ ਦੇ 12 ਜ਼ਿਲ੍ਹਿਆਂ ‘ਚ 15 ਥਾਵਾਂ ‘ਤੇ 3 ਘੰਟੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ, ਜਿਸ ਵਿੱਚ

1, ਜ਼ਿਲ੍ਹਾ ਅੰਮ੍ਰਿਤਸਰ ਦੇਵੀਦਾਸਪੁਰਾ (ਜੰਡਿਆਲਾ ਗੁਰੂ)
2, ਜ਼ਿਲ੍ਹਾ ਗੁਰਦਾਸਪੁਰ ਬਟਾਲਾ ਰੇਲਵੇ ਸਟੇਸ਼ਨ
3, ਜ਼ਿਲ੍ਹਾ ਤਰਨਤਾਰਨ ਖਡੂਰ ਸਾਹਿਬ ਸਟੇਸ਼ਨ, ਪੱਟੀ ਸਟੇਸ਼ਨ, ਤਰਨਤਾਰਨ ਰੇਲਵੇ ਸਟੇਸ਼ਨ
4, ਜ਼ਿਲ੍ਹਾ ਫਿਰੋਜ਼ਪੁਰ ਬਸਤੀ ਟੈਂਕਾ ਵਾਲੀ, ਗੁਰੂ ਹਰਸਹਾਏ
5, ਜ਼ਿਲ੍ਹਾ ਮੋਗਾ ਮੋਗਾ ਰੇਲਵੇ ਸਟੇਸ਼ਨ
6, ਜ਼ਿਲ੍ਹਾ ਮੁਕਤਸਰ ਮਲੋਟ ਰੇਲਵੇ ਸਟੇਸ਼ਨ
7, ਜ਼ਿਲ੍ਹਾ ਫਾਜ਼ਿਲਕਾ ਫਾਜ਼ਿਲਕਾ ਰੇਲਵੇ ਸਟੇਸ਼ਨ

8, ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਜਲੰਧਰ ਕੈਟ ਰੇਲਵੇ ਸਟੇਸ਼ਨ
9, ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਰੇਲਵੇ ਸਟੇਸ਼ਨ
10, ਜਿਲਾ ਲੁਧਿਆਨਾ ਚ ਸਮਰਾਲਾ
11, ਜ਼ਿਲ੍ਹਾ ਬਰਨਾਲਾ ਘੁੱਣਸ ਸਟੇਸ਼ਨ
12, ਜ਼ਿਲ੍ਹਾ ਫਰੀਦਕੋਟ ਰੇਲਵੇ ਸਟੇਸ਼ਨ ਫਰੀਦਕੋਟ

ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੀਤੇ ਵਾਅਦਿਆਂ ਦੇ ਵਿਰੋਧ ਵਿੱਚ ਰੇਲਵੇ ਟਰੈਕ ਜਾਮ ਕਰ ਰਹੀ ਹੈ। ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੀ ਸਟੇਜ ’ਤੇ ਜਿਨ੍ਹਾਂ ਭਾਜਪਾ ਤੇ ਆਰ.ਐੱਸ.ਐੱਸ. ਦੇ ਨੇਤਾਵਾਂ ਨੇ ਪੈਟਰੋਲ ਬੰਬ, ਪੱਥਰ ਸੁੱਟ ਕੇ ਹਮਲਾ ਕੀਤਾ ਸੀ, ਉਨ੍ਹਾਂ ਦੇ ਟੈਂਟ ਤੱਕ ਫਾੜ ਦਿੱਤੇ, ਔਰਤਾਂ ਨੂੰ ਕੁੱਟਿਆ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਕਾਤਲਾਂ ਦੀ ਜ਼ਮਾਨਤ ਰੱਦ ਕੀਤੀ ਜਾਵੇ ਅਤੇ ਅਜੇ ਮਿਸ਼ਰਾ ਟੈਨੀ ਨੂੰ ਗ੍ਰਿਫਤਾਰ ਕੀਤਾ ਜਾਵੇ। ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਭਾਰਤ ਮਾਲਾ ਪ੍ਰਾਜੈਕਟ ਅਧੀਨ ਆ ਰਹੀ ਹੈ, ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਪੰਜਾਬ ਸਰਕਾਰ ਵਾਅਦੇ ਮੁਤਾਬਕ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇ। ਅੰਦੋਲਨ ਦੌਰਾਨ ਹੋਏ ਸਮਝੌਤੇ ਮੁਤਾਬਕ ਕੇਂਦਰ ਸਰਕਾਰ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲਵੇ। ਫਸਲਾਂ ‘ਤੇ MSP ਲਾਗੂ ਕਰੋ। ਬਿਜਲੀ ਸਬੰਧੀ ਜੋ ਬਿੱਲ ਤਜਵੀਜ਼ ਕੀਤੇ ਗਏ ਹਨ, ਉਹ ਵੀ ਵਾਪਸ ਲਏ ਜਾਣ।