Punjab

“ਪੱਲੇ ਹੈ ਨੀ ਧੇਲਾ ਤੇ ਕਰਦੀ ਮੇਲਾ-ਮੇਲਾ,ਪੰਜਾਬ ਸਰਕਾਰ ਨੇ ਬਜਟ ਦਾ ਉਹ ਵਾਲਾ ਹਾਲ ਕੀਤਾ ਹੈ” ਭਾਜਪਾ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੀ ਆਪ ਸਰਕਾਰ ਦੇ ਬਜਟ ਨੂੰ ਨਾ-ਉਮੀਦੀ ਵਾਲਾ ਦੱਸਿਆ ਹੈ ਤੇ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬੀਆਂ ਲਈ ਇਸ ਵਿਚ ਕੁੱਝ ਵੀ ਨਹੀਂ ਹੈ ਤੇ ਇਹ ਬਜਟ ਆਮ ਲੋਕਾਂ ਦੀ ਸਮਝ ਤੋਂ ਬਿਲਕੁਲ ਬਾਹਰ ਹੈ। ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਆਪ ਸਰਕਾਰ ਨੂੰ ਵੋਟ ਪਾ ਕੇ ਜਿਤਾਇਆ ਸੀ ਪਰ ਸੱਤਾ ਵਿੱਚ ਆਉਂਦੇ ਹੀ ਇਹਨਾਂ ਦੇ ਰੰਗ ਬਦਲ ਗਏ ਹਨ।ਲੋਕ ਸਿਰਫ਼ ਇਹਨਾਂ ਦੇ ਦਿਖਾਵੇ ਤੋਂ ਹੀ ਪ੍ਰਭਾਵਿਤ ਹੋਏ ਸਨ।

ਚੰਡੀਗੜ੍ਹ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਬਕਾ ਖਜਾਨਾ ਮੰਤਰੀ ਨੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਝੂਠੇ ਵਾਅਦੇ ਕਰ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਗਾਇਆ। ਇਸ ਬਜਟ ਵਿੱਚ ਬਹੁਤ ਸਾਰੀਆਂ ਕਮੀਆਂ ਹਨ। ਬੀਜੇਪੀ ਦੀ ਵਡਿਆਈ ਕਰਦੇ ਹੋਏ ਬਾਦਲ ਨੇ ਕਿਹਾ ਕਿ ਇੱਕ ਸਾਲ ਤੋਂ ਪੰਜਾਬੀ ਆਪ ਸਰਕਾਰ ਨੂੰ ਦੇਖ ਰਹੇ ਹਨ ਪਰ ਆਪ ਨੇ ਉਹਨਾਂ ਨੂੰ ਸਿਰਫ਼ ਉਲਝਾਇਆ ਹੈ ਕਿਉਂਕਿ ਆਮਦਨ ਦਾ ਸਾਰਾ ਅੰਦਾਜਾ ਗਲਤ ਹੈ। ਪਹਿਲੀ ਨਜ਼ਰੇ ਦੇਖਣ ‘ਤੇ ਹੀ ਪਤਾ ਲਗਦਾ ਹੈ ਕਿ ਸਰਕਾਰ ਨੇ ਆਪਣੀ ਆਮਦਨ ਦਾ ਜੋ ਦਾਅਵਾ ਕੀਤਾ ਸੀ, ਉਸ ਤੋਂ ਕੀਤੇ ਘੱਟ ਆਮਦਨ ਅਸਲੀਅਤ ਵਿੱਚ ਹੋਈ ਹੈ। ਇਸੇ ਤਰਾਂ ਖਰਚਿਆਂ ਵਿੱਚ ਵੀ ਆਪ ਵੱਲੋਂ ਕੋਈ ਸਹੀ ਤੱਥ ਪੇਸ਼ ਨਹੀਂ ਕੀਤੇ ਗਏ ਹਨ। ਆਡੀਟਰ ਜਰਨਲ ਦੀ ਰਿਪੋਰਟ ਵਿੱਚ ਵੀ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ।

ਆਮ ਲੋਕਾਂ ਨਾਲ ਕੀਤੇ ਪੈਨਸ਼ਨ ਸੰਬੰਧੀ,ਮਹਿਲਾਵਾਂ ਨੂੰ 1000 ਰੁਪਏ ਦੇਣ ਸੰਬੰਧੀ ਵਾਅਦੇ ਵੀ ਆਪ ਸਰਕਾਰ ਪੂਰੇ ਨਹੀਂ ਕਰ ਸਕੀ ਹੈ।ਹਾਲਾਂਕਿ ਆਪ ਨੇ ਆਪਣੇ ਮੰਤਰੀਆਂ ਕੋਲੋਂ ਝੂਠ ਬੁਲਾ ਕੇ ਫੋਕੇ ਵਾਅਦੇ ਹੀ ਕੀਤੇ ਹਨ,ਅਸਲ ਵਿੱਚ ਕੁਝ ਨਹੀਂ ਹੋਇਆ ਹੈ। ਪੰਜਾਬ ਦੇ ਅਮਨ ਹਾਲਾਤਾਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਹੈ ਕਿ ਸਿਰਫ ਕੇਂਦਰ ਵਲੋਂ ਆਉਣ ਵਾਲੀ ਗ੍ਰਾਂਟਾਂ ਵਿਚ ਵਾਧਾ ਹੋਇਆ ਹੈ ।

ਭਾਜਪਾ ਆਗੂ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ਦੇ ਸ਼ੁਰੂ ਵਿੱਚ ਹੀ ਆਪ ‘ਤੇ ਤੰਜ ਕੱਸਦਿਆ ਕਿਹਾ ਕਿ ਆਪ ਸਰਕਾਰ ਦੀ ਕੈਬਨਿਟ ਮੰਤਰੀ ਤੇ ਨਿਸ਼ਾਨਾ ਲਾਇਆ ਕਿ ਇਹਨਾਂ ਨੇ ਕਿਹਾ ਸੀ ਕਿ ਚੁਟਕੀ ਮਾਰ ਕੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਪਰ ਇਕ ਸਾਲ ਬਾਅਦ ਹਾਲੇ ਤੱਕ ਵੀ ਚੁਟਕੀ ਨਹੀਂ ਵਜੀ ਹੈ। ਜਦੋਂ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਐਮਐਸਪੀ ਕਿਸਾਨਾਂ ਨੂੰ ਮਿਲ ਰਹੀ ਹੈ।ਵਿਧਾਇਕ ਸ਼ਰਮਾ ਨੇ ਇਹ ਵੀ ਕਿਹਾ ਕਿ ਬਜਟ ਵਿਚ ਅੰਕੜਿਆਂ ਦੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਹਰ ਵਰਗ ਨੂੰ ਆਪਣੇ ਬਜਟ ਵਿੱਚ ਹਰ ਵਰਗ ਨੂੰ ਨਿਰਾਸ਼ਾ ਹੋਈ ਹੈ। ਆਪ ਨੂੰ ਕੇਂਦਰ ਸਰਕਾਰ ਦੀ ਹਿੱਸੇਦਾਰੀ ਦਾ ਜ਼ਿਕਰ ਵੀ ਕਰਨਾ ਚਾਹੀਦਾ ਸੀ। ਬਹੁਤ ਸਾਰੀਆਂ ਯੋਜਨਾਵਾਂ ਵਿੱਚ ਕੇਂਦਰ ਦਾ ਯੋਗਦਾਨ ਹੈ। ਮਹਿਲਾਵਾਂ,ਮਜ਼ਦੂਰਾਂ ਲਈ ਇਸ ਬਜਟ ਵਿੱਚ ਕੁਝ ਨਹੀਂ ਹੈ ਤੇ ਭਾਜਪਾ ਇਸ ਬਜਟ ਦਾ ਪੁਰਜ਼ੋਰ ਵਿਰੋਧ ਕਰਦੀ ਹੈ ।