ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ਐਸਆਈਟੀ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਚਾਰਜਸ਼ੀਟ ਵਿੱਚ ਨਾਮਜ਼ਦ ਹੋ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਬਾਦਲਾਂ ‘ਤੇ ਹਮਲਾ ਬੋਲਿਆ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਬਿਆਨ ਦਿੱਤੇ ਗਏ ਸੀ ਕਿ ਉਹਨਾਂ ਨੂੰ ਮਾਸਟਰਮਾਈਂਡ ਬਣਾਏ ਜਾਣ ਲਈ ਸੰਧਵਾਂ ਨੇ ਐਸਆਈਟੀ ‘ਤੇ ਦਬਾਅ ਪਾਇਆ ਸੀ। ਇਸ ਸੰਬੰਧੀ ਸਵਾਲ ਕੀਤੇ ਜਾਣ ‘ਤੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਸੰਧਵਾਂ ਨੇ ਮੋੜਵਾਂ ਜੁਆਬ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਬਹੁਤ ਮੰਦਭਾਗੀ ਗੱਲ ਹੈ।ਆਪਣੇ ਰਾਜਕਾਲ ਦੇ ਦੌਰਾਨ ਜੇਕਰ ਡਿਪਟੀ ਸੀਐਮ ਹੁੰਦਿਆਂ ਤੇ ਰਾਜ ਦੇ ਗ੍ਰਹਿ ਮੰਤਰੀ ਦੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਨੇ ਲੋੜੀਂਦੇ ਕਦਮ ਚੁੱਕੇ ਹੁੰਦੇ ਤੇ ਪੁਲਿਸ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦਿੱਤਾ ਹੁੰਦਾ ਤਾਂ ਪੰਜਾਬ ਵਿੱਚ ਆਹ ਹਾਲਾਤ ਬਣਨੇ ਹੀ ਨਹੀਂ ਸਨ।
ਇਹ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਰਗੇ ਸੂਬੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਲੀਆਂ ਵਿੱਚ ਖਿਲਰੇ ਤੇ ਉਸ ਤੋਂ ਬਾਅਦ ਰੋਸ ਪ੍ਰਗਟ ਕਰ ਰਹੀ ਸੰਗਤ ਤੇ ਗੰਦੇ ਪਾਣੀ ਦੀਆਂ ਬੁਛਾਰਾਂ ਪਾਈਆਂ ਗਈਆਂ ਤੇ ਲੰਗਰ ਵਰਤਾ ਰਹੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਕਸੂਰਵਾਰ ਵੀ ਉਹਨਾਂ ਨੂੰ ਹੀ ਠਹਿਰਾਇਆ ਗਿਆ। ਸਰਕਾਰਾਂ ਨੇ ਨਾ ਤਾਂ ਪੁਲਿਸ ਨੂੰ ਸਹੀ ਕੰਮ ਕਰਨ ਦਿੱਤਾ ਤੇ ਨਾ ਹੀ ਜਾਂਚ ਏਜੰਸੀਆਂ ਨੂੰ ਪਰ ਮਾਨ ਸਰਕਾਰ ਨੇ ਅਜਿਹੀ ਕੋਈ ਦਖਲਅੰਦਾਜੀ ਨਹੀਂ ਕੀਤੀ ਹੈ ।ਬਾਕੀ ਸਾਰੀ ਗੱਲ ਸੰਗਤ ਦੇ ਸਾਹਮਣੇ ਆਪ ਹੀ ਆ ਜਾਣੀ ਹੈ।
ਉਹਨਾਂ ਇਹ ਵੀ ਸਾਫ਼ ਕੀਤਾ ਕਿ ਚਾਹੇ ਜਲਦੀ ਇਨਸਾਫ਼ ਦਾ ਵਾਅਦਾ ਉਹਨਾਂ ਕੀਤਾ ਸੀ ਪਰ ਜਾਂਚ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਨ ਲਈ ਸਮਾਂ ਲੱਗਾ ਹੈ। ਚਾਰਜਸ਼ੀਟ 7000 ਪੰਨਿਆਂ ਦੀ ਹੈ।ਜਿਸ ‘ਤੇ ਕਾਫੀ ਵਕਤ ਲੱਗਾ ਹੈ।
ਸੁਖਬੀਰ ਸਿੰਘ ਬਾਦਲ ਦੇ ਘਟਨਾ ਵੇਲੇ ਪੰਜਾਬ ਵਿੱਚ ਨਾ ਹੋਣ ਦੇ ਦਾਅਵੇ ਬਾਰੇ ਕੀਤੇ ਗਏ ਸਵਾਲ ਤੋਂ ਬਾਅਦ ਸੰਧਵਾਂ ਨੇ ਕਿਹਾ ਹੈ ਕਿ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਜਾਵੇਗੀ।