India International Punjab

ਅਗਲੇ ਮਹੀਨੇ ਪੈਰਿਸ ਓਲੰਪਕਿ ਲਈ ਭਾਰਤੀ ਹਾਕੀ ਟੀਮ ਦਾ ਐਲਾਨ! ਕਪਤਾਨ, ਉੱਪ ਕਪਤਾਨ ਸਮੇਤ ਪੰਜਾਬ ਤੋਂ 6 ਖਿਡਾਰੀ

ਬਿਉਰੋ ਰਿਪੋਰਟ – ਕੌਮਾਂਤਰੀ ਖੇਡਾਂ ਦੇ ਸਭ ਤੋਂ ਵੱਡੇ ਮੇਲੇ ਓਲੰਪਿਕ (Olympic) ਲਈ ਭਾਰਤੀ ਹਾਕੀ ਟੀਮ (Indian Hockey Team) ਦਾ ਐਲਾਨ ਕਰ ਦਿੱਤਾ ਗਿਆ ਹੈ। ਪੈਰਿਸ ਓਲੰਪਿਕ (Paris olympic) ਵਿੱਚ ਟੀਮ ਇੰਡੀਆ ਦੀ ਕਪਤਾਨੀ ਹਰਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ  ਜਦਕਿ ਮਿਡਫੀਲਡਰ ਹਾਰਦਿਕ ਸਿੰਘ ਨੂੰ ਟੀਮ ਦਾ ਉੱਪ ਕਪਤਾਨ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ 16 ਮੈਂਬਰੀ ਭਾਰਤੀ ਹਾਕੀ ਟੀਮ ਵਿੱਚ 6 ਪੰਜਾਬ ਦੇ ਖਿਡਾਰੀ ਹਨ।

ਕਪਤਾਨ ਹਰਮਨਪ੍ਰੀਤ ਦੀ ਅਗਵਾਈ ਵਾਲੀ ਓਲੰਪਿਕ ਟੀਮ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੀ ਪੈਰਿਸ ਓਲੰਪਿਕ ਵਿੱਚ ਹਿੱਸਾ ਲਵੇਗੀ। ਹਰਮਨਪ੍ਰੀਤ ਦਾ ਇਹ ਤੀਜਾ ਓਲੰਪਿਕ ਹੋਵੇਗਾ। ਟੀਮ ਇੰਡੀਆ ਵਿੱਚ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ 6 ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੋਕੀਓ ਓਲੰਪਿਕ 2020 ’ਚ ਜਰਮਨੀ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਹ ਮੈਚ ਜਿੱਤ ਕੇ ਭਾਰਤ ਨੇ 41 ਸਾਲਾਂ ਬਾਅਦ ਓਲੰਪਿਕ ਵਿਚ ਹਾਕੀ ਦਾ ਤਗ਼ਮਾ ਜਿੱਤਿਆ ਸੀ।

ਪੁਰਸ਼ਾ ਦੀ ਭਾਰਤੀ ਹਾਕੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਦੇ ਖਿਲਾਫ ਆਪਣੇ ਓਲੰਪਿਕ ਮੈਚ ਦੀ ਸ਼ੁਰੂਆਤ ਕਰੇਗੀ। ਭਾਰਤ ਪੂਲ B ਵਿੱਚ ਹੈ,ਉਨ੍ਹਾਂ ਦੇ ਨਾਲ ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਆਇਰਲੈਂਡ ਦੇ ਨਾਲ ਪੂਲ ਬੀ ‘ਚ ਹੈ। ਜਦੋਂ ਕਿ ਪੂਲ A ਵਿਚ ਨੀਦਰਲੈਂਡ, ਸਪੇਨ, ਜਰਮਨੀ, ਫਰਾਂਸ, ਗ੍ਰੇਟ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਹਰ ਇੱਕ ਗਰੁੱਪ ਤੋਂ 4 ਟੀਮਾਂ ਕੁਆਟਰ ਫਾਈਨਲ ਵਿੱਚ ਪਹੁੰਚਣਗੀਆਂ,ਪੈਰਿਸ -2024 ਓਲੰਪਿਕ ਹਾਕੀ ਮੈਡਲ ਰਾਊਂਡ ਦੇ ਮੈਚ 8 ਅਗਸਤ ਨੂੰ ਤੈਅ ਕੀਤੇ ਜਾਣਗੇ।

ਪੈਰਿਸ ਓਲੰਪਿਕ 2024 ਦੇ ਲਈ ਭਾਰਤੀ ਹਾਕੀ ਟੀਮ ਦੇ ਮੈਂਬਰ

ਡਿਫੈਂਡਰ- ਹਰਮਨਪ੍ਰੀਤ ਸਿੰਘ (ਕਪਤਾਨ),ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ,ਸੁਮਿਤ, ਸੰਜੇ।
ਗੋਲਕੀਪਰ- ਪੀ ਆਰ ਸ਼੍ਰੀਜੇਸ਼।
ਮਿਡਫੀਲਡਰ- ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ।
ਫਾਰਵਰਡ- ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ।
ਰਿਜ਼ਰਵ ਖਿਡਾਰੀ- ਨੀਲਕੰਤ ਸ਼ਰਮਾ, ਜੁਗਰਾਜ ਸਿੰਘ, ਕ੍ਰਿਸ਼ਨ ਬਹਾਦਰ ਪਾਠਕ।