Punjab

ਅਕਾਲੀ ਆਗੂ ਨਿਕਲਿਆ ‘ਆਪ’ ਆਗੂ ‘ਤੇ ਹਮਲੇ ਦੀ ਸਾਜ਼ਿਸ਼ ਦਾ ਮਾਸਟਰਮਾਈਂਡ

29 ਅਪਰੈਲ ਨੂੰ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਦਾ ਸਾਜ਼ਿਸ਼ਕਾਰ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਹੀ ਨਿਕਲਿਆ। ਐਫਆਈਆਰ ਵਿੱਚ ਫਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕਾ ਇੰਚਾਰਜ ਚੀਮਾ ਦਾ ਨਾਂ ਸ਼ਾਮਲ ਹੈ। ਮੁਲਜ਼ਮ ਚੀਮਾ ਚੋਣ ਪ੍ਰਚਾਰ ਛੱਡ ਕੇ ਫਰਾਰ ਹੋ ਗਿਆ ਹੈ।

ਜਗਦੀਪ ਸਿੰਘ ਚੀਮਾ ਦੇ ਪਿਤਾ ਰਣਧੀਰ ਸਿੰਘ ਚੀਮਾ ਅਕਾਲੀ ਸਰਕਾਰ ਵਿੱਚ ਮੰਤਰੀ ਸਨ। ਇਹ ਪਰਿਵਾਰ ਸੁਖਬੀਰ ਬਾਦਲ ਦਾ ਕਰੀਬੀ ਹੈ। ਇਸ ਸਮੇਂ ਰਣਧੀਰ ਸਿੰਘ ਚੀਮਾ ਸ਼੍ਰੋਮਣੀ ਕਮੇਟੀ ਮੈਂਬਰ ਹਨ। ਦੱਸ ਦੇਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਗਦੀਪ ਸਿੰਘ ਚੀਮਾ ਫਤਿਹਗੜ੍ਹ ਸਾਹਿਬ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸਨ। ਹਾਲਾਂਕਿ ਚੀਮਾ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

ਇਸ ਮਾਮਲੇ ਵਿੱਚ ਅਕਾਲੀ ਦਲ ਦੇ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਸਮੇਤ ਛੇ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਹਮਲੇ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪਰ ਸੂਤਰਾਂ ਅਨੁਸਾਰ ਇਹ ਹਮਲਾ ਪਾਰਟੀ ਅੰਦਰਲੀ ਧੜੇਬੰਦੀ ਕਾਰਨ ਹੋਇਆ ਹੈ।

ਪੁਲਿਸ ਨੇ ਇਹ ਕਾਰਵਾਈ ਹਾਸਲ ਕੀਤੇ ਸਬੂਤਾਂ ਦੇ ਆਧਾਰ ’ਤੇ ਅਤੇ ਸਰਕਾਰੀ ਗਵਾਹ ਬਣੇ ਦੋ ਨੌਜਵਾਨਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਕੀਤੀ ਹੈ। ਇਸ ਮਾਮਲੇ ਵਿੱਚ ਥਾਣਾ ਬੱਸੀ ਪਠਾਣਾਂ ਦੀ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੁਵੇਨਾਈਲ ਹੋਮ ਵਿੱਚ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਸਰਕਾਰੀ ਗਵਾਹ ਬਣ ਚੁੱਕੇ ਹਨ ਅਤੇ ਉਨ੍ਹਾਂ ਨੇ ਹੀ ਹਮਲੇ ਤੋਂ ਪਹਿਲਾਂ ਮਠਾਡੂ ਦੀ ਰੇਕੀ ਕੀਤੀ ਸੀ। ਹੁਣ ਇਨ੍ਹਾਂ ਸਰਕਾਰੀ ਗਵਾਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਕਰੀਮਪੁਰਾ ਦੇ ਵਸਨੀਕ ਅਕਾਲੀ ਦਲ ਦੇ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਕਾਲੀ ਆਗੂ ਚੀਮਾ ਤੋਂ ਇਲਾਵਾ ਮਨੀ, ਕਰਨ ਭਲਵਾਨ ਵਾਸੀ ਬਸੀ ਅਤੇ ਲਵਪ੍ਰੀਤ ਸਿੰਘ ਵਾਸੀ ਫਤਿਹਪੁਰ ਅਰਾਈਆਂ ਸ਼ਾਮਲ ਹਨ। ਪੁਲਿਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 323, 341, 120ਬੀ ਅਤੇ 34 ਤਹਿਤ ਕੇਸ ਦਰਜ ਕਰ ਲਿਆ ਹੈ।

ਦੱਸ ਦੇਈਏ ਕਿ ਬੀਤੀ 29 ਅਪ੍ਰੈਲ ਨੂੰ ਬੱਸੀ ਪਠਾਣਾਂ ਵਿੱਚ ਅਕਾਲੀ ਦਲ ਬੀਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾੜੂ ਉੱਤੇ ਜਾਨਲੇਵਾ ਹਮਲਾ ਹੋਇਆ ਸੀ। ਪੁਲਿਸ ਨੇ ਬੱਸੀ ਪਠਾਣਾਂ ਥਾਣੇ ਵਿੱਚ ਤਿੰਨ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਜਾਂਚ ਦੌਰਾਨ ਪੁਲਿਸ ਨੂੰ ਮਠਾਡੂ ‘ਤੇ ਹਮਲੇ ਦੀ ਯੋਜਨਾ ‘ਚ ਸ਼ਾਮਲ ਦੋ ਨੌਜਵਾਨਾਂ ਦੀ ਜਾਣਕਾਰੀ ਮਿਲੀ। ਦੋਵਾਂ ਨੇ ਮਠਾੜੂ ਦੀ ਰੇਕੀ ਕੀਤੀ ਅਤੇ ਹਮਲਾਵਰਾਂ ਨੂੰ ਰਸਤੇ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ। ਰੇਕੀ ਕਰਨ ਵਾਲੇ ਦੋਵੇਂ ਨੌਜਵਾਨ ਸਰਹਿੰਦ ਦੇ ਵਸਨੀਕ ਹਨ ਅਤੇ ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਹਨ। ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਦੇ ਸਕੂਲ ਵਿੰਗ ਦਾ ਚੇਅਰਮੈਨ ਅਤੇ ਮੁਖੀ ਬਣਾਇਆ ਸੀ। ਇਹ ਦੋਵੇਂ ਨੌਜਵਾਨ ਸਰਕਾਰੀ ਗਵਾਹ ਬਣ ਚੁੱਕੇ ਹਨ।

ਬੱਸੀ ਪਠਾਣਾ ਦੇ ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੇ ਨਾਬਾਲਗ ਮੁਲਜ਼ਮ ਤੋਂ ਪੁੱਛਗਿੱਛ ਕਰਨ ਮਗਰੋਂ ਜਗਦੀਪ ਸਿੰਘ ਚੀਮਾ ਅਤੇ ਚਾਰ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।